ਦਿੱਲੀ (ਦੇਵ ਇੰਦਰਜੀਤ) : ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਭਰ 'ਚ 645 ਬੱਚਿਆਂ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਪ੍ਰੈਲ 2021 ਤੋਂ 28 ਮਈ 2021 ਤੱਕ ਕੁੱਲ 645 ਬੱਚੇ ਅਨਾਥ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਬੱਚਿਆਂ ਦੀ ਮਦਦ ਲਈ 'ਪੀ.ਐੱਮ. ਕੇਅਰਜ਼' ਬਾਲ ਯੋਜਨਾ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੇ ਦੋਵੇਂ ਮਾਤਾ-ਪਿਤਾ ਜਾਂ ਕਾਨੂੰਨੀ ਮਾਤਾ-ਪਿਤਾ ਗੁਆ ਦਿੱਤੇ ਹਨ। ਇਸ ਯੋਜਨਾ 'ਚ ਸਿਹਤ ਅਤੇ ਸਿੱਖਿਆ ਲਈ ਮਦਦ ਦਾ ਪ੍ਰਬੰਧ ਹੈ ਅਤੇ ਇਹ ਹਰੇਕ ਬੱਚੇ ਲਈ 10 ਲੱਖ ਰੁਪਏ ਦੇ ਫੰਡ ਦਾ ਨਿਰਮਾਣ ਕਰੇਗੀ, ਜਦੋਂ ਉਨ੍ਹਾਂ ਦੀ ਉਮਰ 18 ਸਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਗਿਣਤੀ ਆਂਧਰਾ ਪ੍ਰਦੇਸ਼ 'ਚ 119, ਗੁਜਰਾਤ 'ਚ 45 ਹੈ, ਜਦੋਂ ਕਿ ਮੱਧ ਪ੍ਰਦੇਸ਼ 'ਚ 73, ਮਹਾਰਾਸ਼ਟਰ 'ਚ 83 ਅਤੇ ਉੱਤਰ ਪ੍ਰਦੇਸ਼ 'ਚ 158 ਹੈ।