ਨਿਊਜ਼ ਡੈਸਕ (ਜਸਕਮਲ) : ਜ਼ਿਲ੍ਹਾ ਪੁਲਸ ਨੇ ਪਠਾਨਕੋਟ ਦੇ ਆਰਮੀ ਕੈਂਪ ’ਤੇ ਗ੍ਰੇਨੇਡ ਹਮਲਾ ਕਰਨ ਵਾਲੇ ਦੋਸ਼ੀ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈਐੱਸਵਾਈਐੱਫ) ਨਾਲ ਸਬੰਧਤ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਅੱਤਵਾਦੀਆਂ ਕੋਲੋਂ 6 ਗ੍ਰੇਨੇਡ, 1 ਪਿਸਤੌਲ, 1 ਰਾਈਫਲ, ਕਾਰਤੂਸ, ਮੈਗਜ਼ੀਨ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਐੱਸਐੱਸਪੀ ਕੰਵਰਦੀਪ ਕੌਰ ਨੇ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਬੀਤੇ 7-8 ਨਵੰਬਰ ਦੀ ਰਾਤ ਨੂੰ ਨਵਾਂਸ਼ਹਿਰ ਦੇ ਸੀਆਈਏ ਸਟਾਫ ਵਿਚ ਗ੍ਰੇਨੇਡ ਹਮਲਾ ਹੋਇਆ ਸੀ, ਜਿਸ ਸਬੰਧੀ ਪਿਛਲੇ 2 ਮਹੀਨਿਆਂ ਤੋਂ ਪੁਲਸ ਜਾਂਚ 'ਚ ਲੱਗੀ ਹੋਈ ਹੈ।
ਦੋਸ਼ੀਆਂ ਦੀ ਪਛਾਣ ਆਈਐੱਸਵਾਈ ਦੇ ਅਮਨਦੀਪ ਉਰਫ਼ ਮੰਤਰੀ ਵਾਸੀ ਪਿੰਡ ਲਖਣਪਾਲ, ਗੁਰਵਿੰਦਰ ਸਿੰਘ ਉਰਫ਼ ਗਿੰਦੀ ਪਿੰਡ ਖਰਲ, ਪਰਮਿੰਦਰ ਕੁਮਾਰ ਉਰਫ਼ ਰੋਹਿਤ ਵਾਸੀ ਪਿੰਡ ਖਰਲ, ਰਾਜਿੰਦਰ ਸਿੰਘ ਉਰਫ਼ ਮੱਲ੍ਹੀ ਵਾਸੀ ਗੁਨੂਪੁਰ, ਢੋਲਕੀ ਵਾਸੀ ਪਿੰਡ ਗੌਤਪੋਕਰ ਤੇ ਰਮਨ ਕੁਮਾਰ ਵਾਸੀ ਪਿੰਡ ਗਾਜ਼ੀਕੋਟ (ਸਾਰੇ ਗੁਰਦਾਸਪੁਰ) ਦੇ ਤੌਰ ’ਤੇ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿਚ ਗ੍ਰਿਫ਼ਤਾਰ ਦੋਸ਼ੀਆਂ ਤੋਂ ਖੁਲਾਸਾ ਹੋਇਆ ਹੈ ਕਿ ਉਕਤ ਦੋਸ਼ੀ ਆਈ. ਐੱਸ. ਵਾਈ. ਐੱਫ. ਨੂੰ ਖੁੱਦ ਐਲਾਨੇ ਚੀਫ ਰੋੜੇ ਤੇ ਉਸਦੇ ਨੇੜੇ ਸੁਖਮੀਤ ਸਿੰਘ ਉਰਫ ਸੁਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ ਸੁਖ ਦੇ ਸਿੱਧੇ ਸੰਪਰਕ ਵਿਚ ਹੈ।