ਓਂਟਾਰੀਓ (Vikram Sehajpal) : ਪ੍ਰਗਤੀਸ਼ੀਲ ਕੰਜ਼ਰਵੇਟਿਵ ਸਰਕਾਰ ਨਾਲ ਚਲ ਰਹੇ ਇਕਰਾਰਨਾਮੇ ਦੇ ਵਿਵਾਦ ਦੇ ਵਿਚਕਾਰ ਓਂਟਾਰੀਓ ਦੇ 55,000 ਸਕੂਲ ਕਰਮਚਾਰੀ 7 ਅਕਤੂਬਰ ਨੂੰ ਹੜਤਾਲ 'ਤੇ ਜਾਣ ਦੀ ਤਿਆਰੀ 'ਚ ਹਨ। ਮਿਲ਼ੀ ਖ਼ਬਰ ਅਨੁਸਾਰ 3 ਸਭ ਤੋਂ ਵੱਡੇ ਬੋਰਡ, ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ, ਪੀਲ ਜ਼ਿਲ੍ਹਾ ਸਕੂਲ ਬੋਰਡ ਅਤੇ ਯੌਰਕ ਰੀਜਨ ਜ਼ਿਲ੍ਹਾ ਸਕੂਲ ਬੋਰਡ ਨੇ ਪਰਿਵਾਰਾਂ ਨੂੰ ਦੱਸਿਆ ਕਿ ਉਹ ਹੜਤਾਲ ਦੀ ਸਥਿਤੀ ਵਿਚ ਆਪਣੇ ਸਕੂਲ ਸੁਰੱਖਿਅਤ ਢੰਗ ਨਾਲ ਨਹੀਂ ਚਲਾ ਸਕਣਗੇ।
ਪੀਟਰਬਰੋ, ਓਟਾਵਾ ਕੈਥੋਲਿਕ ਸਕੂਲ ਬੋਰਡ, ਵਾਟਰਲੂ ਕੈਥੋਲਿਕ ਬੋਰਡ ਅਤੇ ਟੋਰਾਂਟੋ ਕੈਥੋਲਿਕ ਬੋਰਡ ਸਮੇਤ ਹੋਰ ਬੋਰਡਾਂ ਨੇ ਕਿਹਾ ਕਿ ਜੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (ਸੀ.ਯੂ.ਪੀ.ਈ.), ਜੋ ਨਿਗਰਾਨੀ, ਸੈਕਟਰੀ ਅਤੇ ਵਿਦਿਅਕ-ਸਹਾਇਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਦੀ ਹੜਤਾਲ ਦੀ ਕਾਰਵਾਈ ਹੁੰਦੀ ਤਾਂ ਉਹ ਸੋਮਵਾਰ ਨੂੰ ਸਕੂਲ ਬੰਦ ਕਰ ਦੇਣਗੇ।
ਉਹਨਾਂ ਦਸਿਆ ਕਿ ਸਕੂਲਾਂ ਵਿੱਚ ਸਥਿਤ ਬਾਲ-ਦੇਖਭਾਲ ਕੇਂਦਰ ਖੁੱਲ੍ਹੇ ਰਹਿਣਗੇ , ਲੇਕਿਨ ਓਪਰੇਟਿੰਗ ਸਮਾਂ ਵਿਵਸਥਿਤ ਕੀਤਾ ਜਾਵੇਗਾ।