5 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਕਰਨ ‘ਤੇ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਲਖਨਊ ’ਚ 5 ਸਾਲ ਦੀ ਭਤੀਜੀ ਨਾਲ ਜਬਰ-ਜ਼ਿਨਾਹ ਅਤੇ ਕਤਲ ਕਰਨ ਦੇ ਦੋਸ਼ ’ਚ ਚਾਚੇ ਨੂੰ ਪਾਕਸੋ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ। ਪਾਕਸੋ ਕੋਰਟ ਦੇ ਜੱਜ ਅਰਵਿੰਦ ਮਿਸ਼ਰਾ ਨੇ ਦੋਸ਼ੀ ਚਾਚੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਲਈ ਮਾਮਲੇ ਨੂੰ ਹਾਈ ਕੋਰਟ ’ਚ ਭੇਜ ਦਿੱਤਾ ਹੈ, ਜੋ ਕਿ ਸਜ਼ਾ ਦੇਣ ਤੋਂ ਪਹਿਲਾਂ ਇਕ ਸੰਵਿਧਾਨਕ ਜ਼ਰੂਰਤ ਹੈ। ਆਪਣੇ 83 ਪੰਨਿਆਂ ਦੇ ਫ਼ੈਸਲੇ ’ਚ ਜੱਜ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਪਰਾਧ ਕੀਤਾ ਗਿਆ ਹੈ, ਇਹ ਮਾਮਲਾ ਕਾਫੀ ਦੁਰਲੱਭ ਸ਼੍ਰੇਣੀ ’ਚ ਆਉਂਦਾ ਹੈ।

ਦੱਸ ਦੇਈਏ ਕਿ ਇਸ ਘਟਨਾ ਦੀ ਸੂਚਨਾ ਪੀੜਤ ਕੁੜੀ ਦੇ ਨਾਨਾ ਵਲੋਂ ਹਸਨਗੰਜ ਪੁਲਿਸ ਨੂੰ ਦਿੱਤੀ ਗਈ ਸੀ। ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਸੀ ਕਿ ਕੁੜੀ ਲਾਪਤਾ ਹੈ ਅਤੇ ਇਸ ਦੀ ਸੂਚਨਾ ਪੁਲਿਸ ਨੂੰ 100 ਨੰਬਰ ’ਤੇ ਦਿੱਤੀ ਗਈ। ਚਸ਼ਮਦੀਦ ਗਵਾਹਾਂ ਅਤੇ ਸੂਬਤਾਂ ਦੇ ਆਧਾਰ ’ਤੇ ਅਦਾਲਤ ਨੇ ਵੇਖਿਆ ਕਿ ਕੁੜੀ ਨੂੰ ਆਖ਼ਰੀ ਵਾਰ ਦੋਸ਼ੀ ਨਾਲ ਆਈਸਕ੍ਰੀਮ ਖਾਂਦੇ ਹੋਏ ਵੇਖਿਆ ਗਿਆ ਸੀ।

ਘਟਨਾ ਦੀ ਰਾਤ ਦੋਸ਼ੀ ਬੱਚੀ ਦੀ ਲਾਸ਼ ਚੁੱਕ ਕੇ ਪਰਿਵਾਰ ਸਾਹਮਣੇ ਆਇਆ। ਉਸ ਸਮੇਂ ਉਸ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਦੋਹਾਂ ਹੱਥਾਂ ਦੀਆਂ ਨਸਾਂ ਕੱਟੀਆਂ ਹੋਈਆਂ ਸਨ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਪੁਲਿਸਸਾਹਮਣੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ।