ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ - ਫਾਜ਼ਿਲਕਾ ਨੈਸ਼ਨਲ ਹਾਈਵੇ ਦੇ ਪਿੰਡ ਨਿਹਾਲਖੇੜਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੂੰ ਮ੍ਰਿਤਕਾ ਕੋਲੋਂ ਇੱਕ ਸੁਸਾਈਡਨੋਟ ਵੀ ਮਿਲਿਆ ਹੈ। ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਕੁੜੀ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ । ਮ੍ਰਿਤਕ ਦੀ ਪਛਾਣ ਮਮਤਾ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਭਰਾ ਸੰਜੇ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 5 ਮਹੀਨੇ ਪਹਿਲਾਂ ਵਿਜੇ ਕੁਮਾਰ ਨਾਲ ਹੋਇਆ ਸੀ, ਜੋ ਕਿ ਜੀਓ ਦੀ ਕੰਪਨੀ ਵਿੱਚ ਕੰਮ ਕਰਦਾ ਹੈ।
ਸੰਜੇ ਨੇ ਕਿਹਾ ਬੀਤੀ ਦਿਨੀਂ ਜਦੋ ਉਹ ਆਪਣੀ ਭੈਣ ਨੂੰ ਉਸ ਦੇ ਘਰ ਮਿਲਣ ਗਿਆ ਤਾਂ ਉਸ ਦਾ ਜੀਜਾ ਆਪਣੇ ਕੰਮ 'ਚ ਇਨ੍ਹਾਂ ਰੁੱਝਿਆ ਹੋਇਆ ਸੀ ਕਿ ਉਸ ਦੇ ਇੱਕ ਵਾਰ ਗੱਲ ਤੱਕ ਨਹੀ ਕੀਤੀ। ਉਸ ਨੂੰ ਅਗਲੇ ਦਿਨ ਸੂਚਨਾ ਮਿਲੀ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ । ਜਿਸ ਤੋਂ ਬਾਅਦ ਉਹ ਪਰਿਵਾਰ ਸਮੇਤ ਮੌਕੇ 'ਤੇ ਪਹੁੰਚਿਆ ਤੇ ਦੇਖਿਆ ਉਸ ਦੀ ਭੈਣ ਦੀ ਲਾਸ਼ ਜ਼ਮੀਨ ਤੇ ਪਈ ਸੀ । ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ । ਫਿਲਹਾਲ ਪੁਲਿਸ ਨੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ 5 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਹੈ ।