ਵੈੱਬ ਡੈਸਕ (Vikram Sehajpal) : ਫਰਾਂਸੀਸੀ ਨਿਗਰਾਨੀ ਸੰਸਥਾ 'ਰਿਪੋਰਟਰਸ ਵਿਦਾਊਟ ਬਾਰਡਰਸ' ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਸਾਲ ਦੁਨੀਆ ਭਰ ਵਿਚ 49 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਵਿਚੋਂ ਜ਼ਿਆਦਾਤਰ ਯਮਨ, ਸੀਰੀਆ ਅਤੇ ਅਫ਼ਗਾਨਿਸਤਾਨ ਦੇ ਜੰਗ ਪ੍ਰਭਾਵਿਤ ਇਲਾਕਿਆਂ ਵਿਚ ਕਵਰੇਜ ਦੌਰਾਨ ਮਾਰੇ ਗਏ। ਹਾਲਾਂਕਿ, ਇਹ ਗਿਣਤੀ ਪਿਛਲੇ 16 ਸਾਲਾਂ ਦੌਰਾਨ ਸਭ ਤੋਂ ਘੱਟ ਹੈ। ਤੁਹਾਨੂੰ ਦੱਸ ਦਈਏ ਕਿ ਰਿਪੋਰਟਰਸ ਵਿਦਾਊਟ ਬਾਰਡਰਸ ਨੂੰ ਆਰਐੱਸਐੱਫ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਆਰਐੱਸਐੱਫ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਵਿਚ ਦੁਨੀਆ ਭਰ ਵਿਚ ਹਰ ਸਾਲ ਔਸਤਨ 80 ਪੱਤਰਕਾਰਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸ਼ਾਂਤ ਮੰਨੇ ਜਾਣ ਵਾਲੇ ਦੇਸ਼ਾਂ ਵਿਚ ਵੀ ਪੱਤਰਕਾਰ ਸੁਰੱਖਿਅਤ ਨਹੀਂ ਹਨ। ਇਸ ਸਾਲ ਇਕੱਲੇ ਮੈਕਸੀਕੋ ਵਿਚ 10 ਪੱਤਰਕਾਰ ਮਾਰੇ ਗਏ। ਲਾਤੀਨੀ ਅਮਰੀਕਾ ਵਿਚ ਇਸ ਸਾਲ ਸਭ ਤੋਂ ਜ਼ਿਆਦਾ 14 ਪੱਤਰਕਾਰਾਂ ਦੀ ਹੱਤਿਆ ਹੋਈ। ਇਸ ਕਾਰਨ ਇਹ ਪੱਛਮੀ ਏਸ਼ੀਆ ਜਿੰਨਾ ਹੀ ਖ਼ਤਰਨਾਕ ਸਾਬਤ ਹੋਇਆ ਹੈ।