ਨਿਊਜ਼ ਡੈਸਕ : ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਲੁਧਿਆਣਾ ਟੀਮ ਨੇ 4 ਨਸ਼ਾ ਸਮੱਗਲਰਾਂ ਨੂੰ ਸਾਢੇ 12 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਸਬੰਧੀ ਅੱਜ ਐੱਸਟੀਐੱਫ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ 4 ਨਸ਼ਾ ਸਮੱਗਲਰ ਇਕ ਕਾਰ ’ਚ ਸਵਾਰ ਹੋ ਕੇ ਗਿੱਲ ਰੇਲਵੇ ਫਾਟਕ ਵੱਲੋਂ ਧਾਂਦਰਾ ਵੱਲ ਆ ਰਹੇ ਹਨ, ਜਿਸ ’ਤੇ ਐੱਸਟੀਐੱਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਕੀਤੀ ਅਤੇ ਇਸ ਦੌਰਾਨ ਸਫੈਦ ਰੰਗ ਦੀ ਕਰੂਜ਼ ਕਾਰ ਨੂੰ ਚੈਕਿੰਗ ਲਈ ਰੋਕਿਆ, ਜਿਸ 'ਚ 4 ਵਿਅਕਤੀ ਸਵਾਰ ਸਨ। ਤਲਾਸ਼ੀ ਲੈਣ 'ਤੇ ਕਾਰ ’ਚੋਂ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਪੁਲਸ ਨੇ ਤੁਰੰਤ ਚਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਦੀਪੂ (30), ਲਵਪ੍ਰੀਤ ਸਿੰਘ ਲਵ (25), ਜਗਜੀਤ ਸਿੰਘ (40) ਤੇ ਸਾਹਿਲ ਮਹਿਰਾ (21) ਵਜੋਂ ਹੋਈ ਹੈ। ਪੁਲਸ ਨੇ ਚਾਰੇ ਨਸ਼ਾ ਸਮੱਗਲਰਾਂ ਖ਼ਿਲਾਫ਼ ਐੱਸਟੀਐੱਫ ਪੁਲਸ ਸਟੇਸ਼ਨ ਮੋਹਾਲੀ ’ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਤੋਂ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਸਾਢੇ 12 ਕਰੋੜ ਕੀਮਤ ਮੰਨੀ ਜਾ ਰਹੀ ਹੈ।