ਦਿੱਲੀ (ਦੇਵ ਇੰਦਰਜੀਤ) : ਕੋਰੋਨਾ ਮਹਾਮਾਰੀ ਖ਼ਿਲਾਫ਼ ਜਨਵਰੀ 'ਚ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਵਿਚ ਹੁਣ ਤਕ ਕੋਰੋਨਾ ਵੈਕਸੀਨ ਦੀਆਂ 51 ਕਰੋੜ ਤੋਂ ਜ਼ਿਆਦਾ ਡੋਜ਼ ਲਗਾ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 16 ਲੱਖ ਤੋਂ ਜ਼ਿਆਦਾ ਡੋਜ਼ ਲਾਈਆਂ ਗਈਆਂ ਹਨ।
ਕੋਰੋਨਾ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਜੂਝ ਰਹੇ ਕੇਰਲ 'ਚ ਸਥਿਤੀ ਸੁਧਰਦੀ ਨਜ਼ਰ ਨਹੀਂ ਆ ਰਹੀ ਹੈ। ਐਤਵਾਰ ਨੂੰ ਘੱਟ ਜਾਂਚ ਹੋਣ ਕਾਰਨ ਸੋਮਵਾਰ ਨੂੰ ਨਵੇਂ ਮਾਮਲਿਆਂ 'ਚ ਤਾਂ ਕਮੀ ਆਈ, ਪਰ ਕੇਰਲ 'ਚ ਫਿਰ ਵੀ ਅੱਧੇ ਤੋਂ ਜ਼ਿਆਦਾ ਮਾਮਲੇ ਪਾਏ ਗਏ। ਹਾਲਾਂਕਿ, ਸੂਬੇ 'ਚ ਮਿ੍ਤਕਾਂ ਦੀ ਗਿਣਤੀ ਸੌ ਤੋਂ ਹੇਠਾਂ ਆ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਸਰਗਰਮ ਮਾਮਲਿਆਂ ਵਿਚ ਲਗਾਤਾਰ ਦੂਜੇ ਦਿਨ ਵੀ ਗਿਰਾਵਟ ਦਰਜ ਕੀਤੀ ਗਈ ਅਤੇ 4,634 ਦੀ ਕਮੀ ਨਾਲ ਐਕਟਿਵ ਕੇਸ ਚਾਰ ਲੱਖ ਦੇ ਕਰੀਬ ਆ ਗਏ। ਕੋਰੋਨਾ ਇਨਫੈਕਸ਼ਨ ਦੇ ਬਾਕੀ ਪੈਰਾ-ਮੀਟਰ ਪਹਿਲਾਂ ਦੀ ਸਥਿਤੀ ਵਿਚ ਬਣੇ ਹੋਏ ਹਨ, ਜਿਵੇਂ ਮਰੀਜ਼ਾਂ ਦੇ ਉਭਰਨ ਦੀ ਦਰ, ਮੌਤ ਦਰ ਅਤੇ ਰੋਜ਼ਾਨਾ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ।