by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੇਰਕੋਟਲਾ 'ਚ ਰਿਸ਼ਵਤ ਦੇ ਦੋਸ਼ 'ਚ ਜਿਸ ਪਟਵਾਰੀ ਦੀਦਾਰ ਸਿੰਘ ਛੋਕਰ ਦੀ ਹਮਾਇਤ ਵਿੱਚ ਸੂਬੇ ਭਰ ਵਿੱਚ ਪਟਵਾਰੀ ਤੇ ਕਾਨੂੰਨਗੋ ਹੜਤਾਲ 'ਤੇ ਹਨ, ਉਸ ਦੇ ਘਰੋਂ ਵਿਜੀਲੈਂਸ ਨੇ 33 ਰਜਿਸਟਰੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਰਜਿਸਟਰੀਆਂ ਰਾਹੀਂ ਖ਼ਰੀਦੀਆਂ ਗਈਆਂ ਜਾਇਦਾਦਾਂ ਉਤੇ ਹੁਣ ਤਕ ਕਰੀਬ 1 ਕਰੋੜ 77 ਲੱਖ ਰੁਪਏ ਦਾ ਲੈਣ-ਦੇਣ ਹੋ ਚੁੱਕਾ ਹੈ। ਉਕਤ ਪਟਵਾਰੀ ਦੇ ਦੋ ਵੱਖ-ਵੱਖ ਬੈਂਕ ਖਾਤਿਆਂ 'ਚ ਕਰੀਬ 25 ਲੱਖ ਰੁਪਏ ਜਮ੍ਹਾਂ ਹਨ।
ਡੀਐਸਪੀ ਵਿਜੀਲੈਂਸ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ 'ਤੇ ਬੈਂਕ ਖਾਤਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਅਹਿਮ ਜਾਣਕਾਰੀ ਹਾਸਲ ਹੋਈ ਹੈ। ਮਾਲ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਪਿੰਡ ਛੋਕਰ ਦਾ ਮੌਜੂਦਾ ਨੰਬਰਦਾਰ ਵੀ ਹੈ। ਪਟਵਾਰੀ ਹੋਣ ਦੇ ਨਾਤੇ ਉਹ ਨੰਬਰਦਾਰ ਨਹੀਂ ਰਹਿ ਸਕਦਾ ਸੀ, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਸ ਦੇ ਬਾਵਜੂਦ ਉਹ ਨੰਬਰਦਾਰੀ ਕਰਦਾ ਰਿਹਾ।