ਜਲੰਧਰ (ਸਾਹਿਬ) - ਪਿੰਡ ਮੱਲ੍ਹਪੁਰ ਅੜਕਾਂ ਵਿਚ ਇਕ ਔਰਤ ਅਤੇ ਉਸ ਦੀ 11ਵੀਂ ਵਿਚ ਪੜ੍ਹਨ ਵਾਲੀ ਧੀ ਨੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਲਈਆਂ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਹਸਪਤਾਲ ’ਚ ਔਰਤ ਦੇ ਰਿਸ਼ਤੇਦਾਰ ਭਰਾ ਅਮਰਜੀਤ ਨੇ ਦੱਸਿਆ ਕਿ ਉਸ ਦਾ ਜੀਜਾ ਅਵਤਾਰ ਸਿੰਘ ਤਰਖ਼ਾਣ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਉਹ ਅਕਸਰ ਉਸ ਦੀ ਭੈਣ ਸੋਨੀਆ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਅੱਜ ਸੋਨੀਆ ਨੇ ਆਪਣੀ ਛੋਟੀ ਕੁੜੀ ਨੂੰ ਸਕੂਲ ਭੇਜ ਦਿੱਤਾ ਜਦਕਿ ਵੱਡੀ ਕੁੜੀ ਨੇ ਅਜੇ ਸਕੂਲ ਜਾਣਾ ਸੀ ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਲੜਨ ਲੱਗ ਪਿਆ। ਦੱਸ ਦਈਏ ਕਿ ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤੰਗੀ ਤੋਂ ਤੰਗ ਆ ਕੇ ਉਸ ਦੀ ਭੈਣ ਨੇ ਨਵਾਂਸ਼ਹਿਰ ਦੇ ਇਕ ਸਕੂਲ ਵਿਚ 11ਵੀਂ ਵਿਚ ਪੜ੍ਹਦੀ ਆਪਣੀ ਵੱਡੀ ਧੀ ਨਾਲ ਮਿਲ ਕੇ ਸਲਫ਼ਾਸ ਨਿਗਲ ਲਈ, ਜਦਕਿ ਉਸ ਦਾ ਜੀਜਾ ਉਸ ਸਮੇਂ ਘਰ ਵਿਚ ਹੀ ਸੀ।
ਉਸ ਨੇ ਦੱਸਿਆ ਕਿ ਗੁਆਂਢ ਵਿਚ ਰਹਿੰਦੇ ਕੁਝ ਲੋਕਾਂ ਨੇ ਉਸ ਦੀ ਭੈਣ ਅਤੇ ਉਸ ਦੀ ਕੁੜੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪਹਿਲਾਂ ਉਸ ਦੀ ਭਾਣਜੀ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਬਾਅਦ ਵਿਚ ਉਸ ਦੀ ਭੈਣ ਸੋਨੀਆ ਦੀ ਵੀ ਮੌਤ ਹੋ ਗਈ।