ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਪਾਣੀਪਤ ਰਿਫਾਇਨਰੀ ਦੇ ਤਿੰਨ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਉਨ੍ਹਾਂ ਦੀ ਕਾਰ ਪਾਣੀਪਤ ਜ਼ਿਲ੍ਹੇ ਦੇ ਪਿੰਡ ਬੁੱਧਸ਼ਿਆਮ ਨੇੜੇ ਨਹਿਰ 'ਚ ਡਿੱਗ ਗਈ। ਇਹ ਘਟਨਾ ਤੜਕੇ 2 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤਿੰਨੇ ਇਕ ਵਿਆਹ ਤੋਂ ਵਾਪਸ ਆ ਰਹੇ ਸਨ।
ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਵਿਨੀਤ ਕੁਮਾਰ, ਪਵਨ ਕੁਮਾਰ ਤੇ ਦੁਸ਼ਾਲ ਸਿੰਘ ਵਾਸੀ ਪਾਣੀਪਤ ਜ਼ਿਲ੍ਹੇ ਵਜੋਂ ਕੀਤੀ ਹੈ। ਉਹ ਆਊਟਸੋਰਸਿੰਗ 'ਤੇ ਸੁਰੱਖਿਆ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦਾ ਦੋਸਤ ਅਮਿਤ ਕੁਮਾਰ, ਜੋ ਕਿ ਕਾਰ 'ਚ ਸਵਾਰ ਸੀ, ਹਾਦਸੇ ਤੋਂ ਬਾਅਦ ਨਹਿਰ 'ਚੋਂ ਤੈਰ ਕੇ ਭੱਜਣ 'ਚ ਕਾਮਯਾਬ ਹੋ ਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ।
ਸਮਾਲਖਾ ਥਾਣਾ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਪਾਣੀਪਤ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।