ਮੁੰਬਈ (ਦੇਵ ਇੰਦਰਜੀਤ) : ਜੰਮੂ ਕਸ਼ਮੀਰ ’ਚ ਮੁਕਾਬਲੇ ’ਚ 5 ਜਵਾਨਾਂ ਦੇ ਸ਼ਹੀਦ ਹੋਣ ਦੇ ਇਕ ਦਿਨ ਬਾਅਦ ਸ਼ਿਵ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਫ਼ੌਜੀਆਂ ਦੀ ਮੌਤ ਦਾ ਬਦਲਾ ਲਿਆ ਜਾਣਾ ਚਾਹੀਦਾ ਅਤੇ ‘5 ਦੇ ਬਦਲੇ 25’ ਅੱਤਵਾਦੀਆਂ ਨੂੰ ਮਾਰ ਸੁੱਟਿਆ ਜਾਣਾ ਚਾਹੀਦਾ। ਸ਼ਿਵ ਸੈਨਾ ਨੇ ਕਿਹਾ ਕਿ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਹੌਂਸਲਾ ਵੱਧ ਗਿਆ ਹੈ। ਸੰਵਿਧਾਨ ਦੀ ਧਾਰਾ 370 ਦੇ ਅਧੀਨ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ।
ਜੋ ਹੁਣ ਖ਼ਤਮ ਹੋ ਗਿਆ ਹੈ। ਹਾਲ ਦੇ ਹਫ਼ਤਿਆਂ ’ਚ ਅੱਤਵਾਦੀ ਹਮਲੇ ਕਾਫ਼ੀ ਵੱਧ ਗਏ ਹਨ, ਜਿਸ ’ਚ ਇਕ ਮੁੱਖ ਕਸ਼ਮੀਰੀ ਪੰਡਿਤ ਵਪਾਰੀ ਅਤੇ ਇਕ ਸਕੂਲ ਅਧਿਆਪਕ ਸਮੇਤ ਕਈ ਨਾਗਰਿਕ ਮਾਰੇ ਗਏ। ਇਨ੍ਹਾਂ ਕਤਲਾਂ ਦਾ ਜ਼ਿਕਰ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਇਸ ਗੱਲ ਦਾ ਅਹਿਸਾਸ ਕਰਵਾਉਂਦੀਆਂ ਹਨ ਕਿ ਕੀ 1990 ਦੇ ਦਹਾਕੇ ਦੀ ਤਰ੍ਹਾਂ ਸਥਿਤੀ ਬਣ ਰਹੀ ਹੈ, ਜਦੋਂ ਹਜ਼ਾਰਾਂ ਕਸ਼ਮੀਰੀ ਪੰਡਿਤ ਘਾਟੀ ਛੱਡਣ ਲਈ ਮਜ਼ਬੂਰ ਹੋ ਗਏ ਸਨ।
ਭਾਰਤੀਆਂ ਦੇ ਮਨ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਮਿਲੇਗੀ, ਜਦੋਂ ਤੱਕ 5 ਜਵਾਨਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਢੇਰ ਨਹੀਂ ਕੀਤਾ ਜਾਂਦਾ। ਸੰਪਾਦਕੀ ’ਚ ਕਿਹਾ ਗਿਆ ਕਿ ਸੁਰਨਕੋਟ ਮੁਕਾਬਲੇ ’ਚ ਮਾਰੇ ਗਏ ਜਵਾਨਾਂ ਦੀ ਮੌਤ ਦਾ ਬਦਲਾ ਤੁਰੰਤ ਲਿਆ ਜਾਣਾ ਚਾਹੀਦਾ ਅਤੇ ‘5 ਦੇ ਬਦਲੇ 25’ ਅੱਤਵਾਦੀਆਂ ਨੂੰ ਮਾਰਿਆ ਜਾਣਾ ਚਾਹੀਦਾ। ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਹੋਏ ਤਿੰਨ ਮੁਕਾਬਲਿਆਂ ’ਚ ਇਕ ‘ਜੂਨੀਅਰ ਕਮੀਸ਼ਨ ਅਧਿਕਾਰੀ’ ਜੇ.ਸੀ.ਓ. ਸਮੇਤ ਫ਼ੌਜ ਦੇ 5 ਜਵਾਨ ਅਤੇ 2 ਅੱਤਵਾਦੀ ਮਾਰੇ ਗਏ ਸਨ।
ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ ਦੇ ਸੁਰਨਕੋਟ ਇਲਾਕੇ ’ਚ ਡੇਰਾ ਕੀ ਗਲੀ ਡੀ.ਕੇ.ਜੀ. ਕੋਲ ਇਕ ਪਿੰਡ ’ਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ’ਚ 5 ਫ਼ੌਜੀ ਸ਼ਹੀਦ ਹੋ ਗਏ ਸਨ। ਫ਼ੌਜ ਅਤੇ ਪੁਲਸ ਨੇ ਕੰਟਰੋਲ ਰੇਖਾ ਪਾਰ ਕਰ ਕੇ ਇੱਥੇ ਆਏ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਸੀ।