ਵਾਇਨਾਡ (ਸਾਹਿਬ) - ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤੋਂ ਚਾਰ ਦਿਨਾਂ ਬਾਅਦ ਤੱਕ ਪ੍ਰਭਾਵਿਤ ਖੇਤਰਾਂ ’ਚੋਂ 215 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਲ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਮ੍ਰਿਤਕਾਂ ਵਿੱਚ 87 ਔਰਤਾਂ ਤੇ 30 ਬੱਚੇ ਸ਼ਾਮਲ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਢਿੱਗਾਂ ਖਿਸਕਣ ਦੇ ਪ੍ਰਭਾਵਿਤ ਖੇਤਰਾਂ ’ਚ ਮਲਬੇ ’ਚੋਂ ਹੁਣ ਤੱਕ ਸਰੀਰ ਦੇ 143 ਅੰਗ ਵੀ ਬਰਾਮਦ ਕੀਤੇ ਜਾ ਚੁੱਕੇ ਹਨ।
ਬਿਆਨ ਮੁਤਾਬਕ, 215 ਲਾਸ਼ਾਂ ’ਚੋਂ 148 ਦੀ ਸ਼ਨਾਖਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਰ ਲਈ ੲੈ। ਇਸ ਵਿੱਚ ਕਿਹਾ ਗਿਆ ਹੈ ਕਿ 212 ਲਾਸ਼ਾਂ ਅਤੇ ਸਰੀਰ ਦੇ 140 ਅੰਗਾਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। ਬਿਆਨ ਮੁਤਾਬਕ, 504 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ 82 ਦਾ ਇਲਾਜ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ 218 ਲੋਕ ਅਜੇ ਵੀ ਲਾਪਤਾ ਹਨ।
ਓਥੇ ਹੀ ਸੂਬਾ ਸਰਕਾਰ ਨੇ ਲਾਸ਼ਾਂ ਨੂੰ ਦਫਨਾਉਣ ਵਾਸਤੇ ਡੀਐੱਨਏ ਤੇ ਦੰਦਾਂ ਦੇ ਨਮੂਨੇ ਇਕੱਤਰ ਕਰਨ ਸਣੇ ਹੋਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਫਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਹਰੇਕ ਲਾਸ਼ ਜਾਂ ਸਰੀਰ ਦੇ ਅੰਗ ਨੂੰ ਇਕ ਪਛਾਣ ਨੰਬਰ ਦਿੱਤਾ ਜਾਵੇਗਾ ਅਤੇ ਇਸ ਦਾ ਸਾਰੇ ਨਮੂਨਿਆਂ, ਤਸਵੀਰਾਂ, ਵੀਡੀਓਜ਼ ਅਤੇ ਲਾਸ਼ਾਂ ਨਾਲ ਸਬੰਧਤ ਭੌਤਿਕ ਵਸਤਾਂ ਦੇ ਰਿਕਾਰਡ ਵਿੱਚ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਜਾਵੇਗਾ।