ਨਿਊਜ਼ ਡੈਸਕ (ਰਿੰਪੀ ਸ਼ਰਮਾ) : 9 ਵਿਧਾਨ ਸਭਾ ਹਲਕਿਆਂ ਦੇ 1975 ਪੋਲਿੰਗ ਸਟੇਸ਼ਨਾਂ 'ਤੇ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ 2125 ਵੈਬਕਾਸਟਿੰਗ ਕੈਮਰੇ ਲਗਾਏ ਗਏ ਹਨ ਤਾਂ ਜੋ ਵੋਟਿੰਗ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਢੰਗ ਨਾਲ ਪੂਰਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਫਿਲੌਰ ਹਲਕੇ ਵਿੱਚ 247, ਨਕੋਦਰ ਵਿੱਚ 257, ਸ਼ਾਹਕੋਟ ਵਿੱਚ 251, ਕਰਤਾਰਪੁਰ ਵਿੱਚ 234, ਜਲੰਧਰ ਪੱਛਮੀ ਵਿੱਚ 219, ਜਲੰਧਰ ਕੇਂਦਰੀ ਵਿੱਚ 225, ਜਲੰਧਰ ਉੱਤਰੀ ਵਿੱਚ 232, ਜਲੰਧਰ ਛਾਉਣੀ ਵਿੱਚ 237 ਅਤੇ ਆਦਮਪੁਰ ਵਿੱਚ 223 ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ ਜਾਂ ਇਸ ਤੋਂ ਵੱਧ ਬੂਥਾਂ ਵਾਲੀਆਂ ਪੋਲਿੰਗ ਸਟੇਸ਼ਨ 'ਤੇ ਆਊਟਡੋਰ ਕੈਮਰੇ ਲਗਾਏ ਜਾਣਗੇ।
ਘਨਸ਼ਾਮ ਥੋਰੀ ਨੇ ਕਿਹਾ ਕਿ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਆਊਟਡੋਰ ਵੈਬਕਾਸਟਿੰਗ ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਮਤਦਾਨ ਤੋਂ 48 ਘੰਟੇ ਪਹਿਲਾਂ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਡੋਰ ਟੂ ਡੋਰ ਪ੍ਰਚਾਰ ਦੇ ਸਬੰਧ ਵਿੱਚ 48 ਘੰਟਿਆਂ ਦੌਰਾਨ ਘਰ-ਘਰ ਜਾਣ 'ਤੇ ਪਾਬੰਦੀ ਨਹੀਂ ਲਗਾਉਂਦਾ।