ਅਮਰੀਕਾ ‘ਚ ਕੋਰੋਨਾ ਦੀ ਦੂਜੀ ਲਹਿਰ ਪੈ ਰਹੀ ਹੈ ਭਾਰੀ, ਮਿਲੇ ਏਨੇ ਨਵੇਂ ਕੇਸ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ ਵਿਚ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਦੇਸ਼ ਵਿਚ ਬੀਤੇ 24 ਘੰਟੇ ਦੌਰਾਨ ਇਕ ਲੱਖ 20 ਹਜ਼ਾਰ ਤੋਂ ਵੱਧ ਰੋਗੀ ਮਿਲੇ। ਇਸ ਨਾਲ ਪੀੜਤਾਂ ਦਾ ਕੁਲ ਅੰਕੜਾ 99 ਲੱਖ ਦੇ ਕਰੀਬ ਪੁੱਜ ਗਿਆ ਹੈ। ਹੁਣ ਤਕ ਦੋ ਲੱਖ 40 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਨਿਊਜ਼ ਏਜੰਸੀ ਰਾਇਟਰ ਦੇ ਡਾਟਾ ਅਨੁਸਾਰ ਅਮਰੀਕਾ ਵਿਚ ਲਗਾਤਾਰ ਦੂਜੇ ਦਿਨ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ।

ਵੀਰਵਾਰ ਨੂੰ ਇਕ ਲੱਖ 20 ਹਜ਼ਾਰ 276 ਪਾਜ਼ੇਟਿਵ ਕੇਸ ਮਿਲੇ। ਇਕ ਦਿਨ ਪਹਿਲੇ ਇਕ ਲੱਖ ਅੱਠ ਹਜ਼ਾਰ ਤੋਂ ਜ਼ਿਆਦਾ ਰੋਗੀ ਮਿਲੇ ਸਨ। 30 ਅਕਤੂਬਰ ਨੂੰ ਪਹਿਲੀ ਵਾਰ ਇਕ ਲੱਖ ਤੋਂ ਜ਼ਿਆਦਾ ਮਾਮਲੇ ਮਿਲੇ ਸਨ। ਅਮਰੀਕਾ ਦੇ 50 ਸੂਬਿਆਂ ਵਿੱਚੋਂ 20 ਵਿਚ ਵੀਰਵਾਰ ਨੂੰ ਰਿਕਾਰਡ ਗਿਣਤੀ ਵਿਚ ਨਵੇਂ ਮਾਮਲੇ ਮਿਲੇ ਹਨ।

ਇਲੀਨੋਇਸ ਵਿਚ ਕਰੀਬ 10 ਹਜ਼ਾਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇੰਡੀਆਨਾ, ਆਯੋਵਾ, ਮਿਸ਼ੀਗਨ, ਮਿਸੌਰੀ, ਮਿਨੀਸੋਟਾ, ਨਾਰਥ ਡਕੋਟਾ, ਓਹਾਇਓ, ਵਿਸਕਾਨਸਿਨ, ਕੋਲੋਰਾਡੋ, ਕੇਂਟਕੀ, ਓਰੇਗਨ ਅਤੇ ਵੈਸਟ ਵਰਜੀਨੀਆ ਵਰਗੇ ਸੂਬਿਆਂ ਵਿਚ ਵੀ ਰੋਜ਼ਾਨਾ ਦੇ ਨਵੇਂ ਮਾਮਲੇ ਰਿਕਾਰਡ ਪੱਧਰ 'ਤੇ ਪੁੱਜ ਗਏ ਹਨ। ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਕਈ ਅਮਰੀਕੀ ਸ਼ਹਿਰਾਂ ਅਤੇ ਸੂਬਿਆਂ ਵਿਚ ਨਵੇਂ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ।

ਇਨਫੈਕਸ਼ਨ ਵਧਣ ਦੇ ਬਾਵਜੂਦ 17 ਸੂਬਿਆਂ ਵਿਚ ਮਾਸਕ ਲਾਜ਼ਮੀ ਨਹੀਂ ਕੀਤਾ ਗਿਆ ਹੈ। ਕਈ ਰਾਜਾਂ ਵਿਚ ਇਨਫੈਕਸ਼ਨ ਨਾਲ ਨਿਪਟਣ ਲਈ ਲੋਕਾਂ ਦੇ ਇਕੱਠਾਂ 'ਤੇ ਰੋਕ ਲਗਾਉਣ ਦੇ ਨਾਲ ਹੀ ਕਰਫਿਊ ਵੀ ਲਗਾ ਦਿੱਤਾ ਗਿਆ ਹੈ।