ਪੁਲਵਾਮਾ (ਦੇਵ ਇੰਦਰਜੀਤ) : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ’ਚ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਸਮੇਤ 2 ਅੱਤਵਾਦੀ ਮਾਰੇ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖਾਂਡੇ ਇਸ ਸਾਲ ਦੀ ਸ਼ੁਰੂਆਤ ’ਚ ਇੱਥੇ 2 ਪੁਲਸ ਮੁਲਾਜ਼ਮਾਂ ਦੇ ਕਤਲ ’ਚ ਸ਼ਾਮਲ ਸੀ।
ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ,‘‘ਸ਼੍ਰੀਨਗਰ ਦੇ ਬਘਾਟ ’ਚ ਸਾਡੇ 2 ਸਹਿਯੋਗੀਆਂ ਐੱਸ.ਜੀ.ਸੀ.ਟੀ. ਮੁਹੰਮਦ ਯੂਸੁਫ਼ ਅਤੇ ਸੀਟੀ ਸੁਹੈਲ ਨੂੰ ਚਾਹ ਪੀਂਦੇ ਸਮੇਂ ਹਮਲਾ ਕਰ ਕੇ ਸ਼ਹੀਦ ਕਰਨ ਅਤੇ ਕਈ ਹੋਰ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਐੱਲ.ਈ.ਟੀ. ਦੇ ਅੱਤਵਾਦੀ ਉਮਰ ਮੁਸ਼ਤਾਕ ਖਾਂਡੇ ਨੂੰ ਪੰਪੋਰ ਦੇ ਦ੍ਰਾਂਗਬਲ ’ਚ ਢੇਰ ਕਰ ਦਿੱਤਾ ਗਿਆ ਹੈ।’’
ਅਸੀਂ ਇਨ੍ਹਾਂ ਅੱਤਵਾਦੀਆਂ ਨੂੰ ਫੜਨ ਲਈ ਵਚਨਬੱਧ ਹਾਂ, ਜੋ ਜਨਤਾ ਦਰਮਿਆਨ ਡਰ ਪੈਦਾ ਕਰਨ ਅਤੇ ਘਾਟੀ ’ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ।
ਅਜਿਹੇ ਲੋਕਾਂ ਨੂੰ ਸਮਾਜ ਤੋਂ ਮਿਟਾ ਦਿੱਤਾ ਜਾਣਾ ਚਾਹੀਦਾ।’’ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਪੋਰ ਮੁਕਾਬਲੇ ’ਚ ਇਕ ਹੋਰ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਅਤੇ ਮੌਕੇ ਤੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ।
ਇਸ ਸਾਲ ਅਗਸਤ ’ਚ ਪੁਲਸ ਵਲੋਂ ਹਿਟ ਲਿਸਟ ਜਾਰੀ ਕੀਤੇ ਜਾਣ ਦੇ ਬਾਅਦ ਤੋਂ ਖਾਂਡੇ ਦਾ ਨਾਮ ਉਨ੍ਹਾਂ 10 ਅੱਤਵਾਦੀਆਂ ਦੀ ਸੂਚੀ ’ਚ ਸ਼ਾਮਲ ਸੀ, ਜਿਨ੍ਹਾਂ ਨੂੰ ਸੁਰੱਖਿਆ ਫ਼ੋਰਸ ਨਿਸ਼ਾਨਾ ਬਣਾ ਰਹੇ ਸਨ।