ਸੰਗਰੂਰ (ਇੰਦਰਜੀਤ ਸਿੰਘ) : ਬੁੱਧਵਾਰ ਨੂੰ ਭਿਆਨਕ ਸੜਕ ਹਾਦਸੇ ਵਿਚ ਭਾਰਤੀ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਏਅਰਫੋਰਸ ਦੇ ਦੋਵੇਂ ਜਵਾਨ ਛੁੱਟੀ ਆਏ ਹੋਏ ਸੀ। ਉਨ੍ਹਾਂ ਦੀ ਸਕਾਰਪੀਓ ਗੱਡੀ ਨੂੰ ਇਕ ਟਰਾਲੇ ਨੇ ਟੱਕਰ ਮਾਰ ਦਿੱਤੀ। ਮਾਰੇ ਗਏ ਜਵਾਨਾਂ ਵਿਚ ਇਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਰਵਾਣਾ ਇਲਾਕੇ ਦਾ ਰਹਿਣ ਵਾਲਾ ਸੀ।ਇਹ ਹਾਦਸਾ ਪਿੰਡ ਸੰਜੂਮਾ ਕੋਲ ਵਾਪਰਿਆ। ਇਕ ਟਰਾਲੇ ਅਤੇ ਸਕਾਰਪੀਓ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਨਾਲ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ।
ਗੱਡੀ ਵਿਚ ਸਵਾਰ ਪਿੰਡ ਮਰਦਖੇੜਾ ਵਾਸੀ ਕਮਲਦੀਪ ਸਿੰਘ ਬਰਾੜ (30) ਅਤੇ ਹਰਿਆਣਾ ਦਾ ਚਿਰਾਗ ਨੈਨ (22) ਦੀ ਮੌਤ ਹੋ ਗਈ। ਦੋਵੇਂ ਏਅਰਫੋਰਸ ਵਿਚ ਸਨ ਅਤੇ ਰਾਜਸਥਾਨ ਦੇ ਬਾੜਮੇਰ ਵਿਚ ਤਾਇਨਾਤ ਸਨ।ਮਹਿਲਕਲਾਂ ਚੌਕੀ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਕਮਲਦੀਪ ਅਤੇ ਚਿਰਾਗ, ਕਮਲਦੀਪ ਦੇ ਚਾਚੇ ਦਾ ਲੜਕਾ ਅਤੇ ਉਨ੍ਹਾਂ ਦਾ ਇਕ ਦੋਸਤ ਪਰਦੀਪ ਸਿੰਘ ਸਕਾਰਪੀਓ 'ਤੇ ਕਿਸੇ ਕੰਮ ਭਵਾਨੀਗੜ੍ਹ ਜਾ ਰਹੇ ਸੀ।
ਤਾਂ ਸੰਜੂਮਾ ਨੇੜੇ ਬਣ ਬਹੇ ਟੋਲ ਪਲਾਜ਼ਾ ਕੋਲ ਧੁੰਦ ਹੋਣ ਕਾਰਨ ਪਟਿਆਲਾ ਵਾਲੇ ਪਾਸਿਓਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ।ਹਾਦਸੇ ਵਿਚ ਕਮਲਦੀਪ ਅਤੇ ਚਿਰਾਗ ਦੀ ਮੌਤ ਹੋ ਗਈ ਅਤੇ ਲਵਪ੍ਰੀਤ ਅਤੇ ਪਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਟਰਾਲਾ ਚਾਲਕ 'ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਵਾਹਨ ਸਣੇ ਫਰਾਰ ਹੈ।