ਪੂਰਬੀ ਯੂਗਾਂਡਾ ਵਿੱਚ ਜ਼ਮੀਨ ਖਿਸਕਣ ਕਾਰਨ 15 ਦੀ ਮੌਤ, 113 ਲਾਪਤਾ

by nripost

ਨੈਰੋਬੀ (ਰਾਘਵਾ) : ਪੂਰਬੀ ਯੂਗਾਂਡਾ ਵਿਚ ਛੇ ਪਿੰਡਾਂ ਵਿਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 113 ਹੋਰ ਲਾਪਤਾ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ 15 ਜ਼ਖਮੀ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਯੂਗਾਂਡਾ ਰੈੱਡ ਕਰਾਸ ਸੋਸਾਇਟੀ ਨੇ ਵੀਰਵਾਰ ਨੂੰ ਕਿਹਾ ਕਿ ਜ਼ਮੀਨ ਖਿਸਕਣ ਨਾਲ 40 ਘਰਾਂ ਦੇ ਤਬਾਹ ਹੋਣ ਤੋਂ ਬਾਅਦ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।

ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ਹੋ ਸਕਦੀ ਹੈ। ਪਹਾੜੀ ਜ਼ਿਲੇ ਬੁਲੰਬੁਲੀ 'ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕ ਗਈ। ਇਹ ਜ਼ਿਲ੍ਹਾ ਰਾਜਧਾਨੀ ਕੰਪਾਲਾ ਤੋਂ ਲਗਭਗ 280 ਕਿਲੋਮੀਟਰ ਪੂਰਬ ਵੱਲ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਭਾਰੀ ਮਸ਼ੀਨਰੀ ਲਿਆਂਦੀ ਜਾਵੇਗੀ, ਪਰ ਸੜਕਾਂ ਚਿੱਕੜ ਵਾਲੀਆਂ ਹਨ ਅਤੇ ਅਜੇ ਵੀ ਮੀਂਹ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਬਰਾਮਦ ਹੋਈਆਂ ਲਾਸ਼ਾਂ 'ਚੋਂ ਜ਼ਿਆਦਾਤਰ ਬੱਚਿਆਂ ਦੀਆਂ ਹਨ।ਇਸ ਦੌਰਾਨ ਬੁੱਧਵਾਰ ਨੂੰ ਪਕਵਾਚ ਪੁਲ ਦੇ ਡੁੱਬਣ ਤੋਂ ਬਾਅਦ ਨੀਲ ਨਦੀ ਵਿੱਚ ਬਚਾਅ ਕਾਰਜ ਦੌਰਾਨ ਦੋ ਕਿਸ਼ਤੀਆਂ ਪਲਟ ਗਈਆਂ।