ਵਾਇਨਾਡ ਘਟਨਾ ‘ਚ ਹਾਲੇ ਵੀ 138 ਲੋਕ ਲਾਪਤਾ, ਜਾਰੀ ਹੋਈ ਲਿਸਟ !

by vikramsehajpal

ਵੈੱਬ ਡੈਸਕ (ਸਾਹਿਬ) - 138 ਲੋਕ ਅਜੇ ਵੀ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹਨ। ਇਸ ਦੇ ਨਾਲ ਹੀ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 414 ਹੋ ਗਈ ਹੈ ਅਤੇ 150 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਤਬਾਹੀ ਤੋਂ ਬਾਅਦ 224 ਲਾਸ਼ਾਂ ਅਤੇ 189 ਸਰੀਰ ਦੇ ਅੰਗ ਬਰਾਮਦ ਕੀਤੇ ਗਏ ਹਨ। ਬੁੱਧਵਾਰ ਨੂੰ, ਜ਼ਿਲ੍ਹਾ ਪ੍ਰਸ਼ਾਸਨ ਨੇ ਵਾਇਨਾਡ ਜ਼ਮੀਨ ਖਿਸਕਣ ਦੀ ਤਬਾਹੀ ਵਿੱਚ ਲਾਪਤਾ 138 ਲੋਕਾਂ ਦੀ ਡਰਾਫਟ ਸੂਚੀ ਜਾਰੀ ਕੀਤੀ। ਇਹ ਸੂਚੀ ਕੈਬਨਿਟ ਸਬ-ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕੁਲੈਕਟਰ ਦੀ ਨਿਗਰਾਨੀ ਹੇਠ ਤਿਆਰ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਭਿਆਨਕ ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਸੂਚੀ 'ਚ ਬਿਹਾਰ ਦੇ ਵੈਸ਼ਾਲੀ ਜ਼ਿਲੇ ਦੇ ਚਾਰ ਅਤੇ ਓਡੀਸ਼ਾ ਦਾ ਇਕ ਵਿਅਕਤੀ ਸ਼ਾਮਲ ਹੈ।

ਦੱਸ ਦਈਏ ਕਿ ਇਸ ਸੂਚੀ 'ਚ ਜ਼ਮੀਨ ਖਿਸਕਣ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ 138 ਲੋਕ ਅਤੇ ਪ੍ਰਭਾਵਿਤ ਖੇਤਰਾਂ ਦੇ ਸਥਾਈ ਨਿਵਾਸੀ ਸ਼ਾਮਲ ਹਨ ਜੋ ਤਬਾਹੀ ਤੋਂ ਬਾਅਦ ਲਾਪਤਾ ਹੋ ਗਏ ਸਨ। ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਰਾਸ਼ਨ ਕਾਰਡ ਅਤੇ ਵੋਟਰ ਸੂਚੀਆਂ ਵਰਗੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ। ਇਸ 'ਤੇ ਵਾਇਨਾਡ ਦੇ ਜ਼ਿਲ੍ਹਾ ਕੁਲੈਕਟਰ ਡੀਆਰ ਮੇਘਾਸ੍ਰੀ ਨੇ ਸੁਝਾਅ ਦਿੱਤਾ ਹੈ, "ਜੇਕਰ ਕਿਸੇ ਨੂੰ ਗੁੰਮਸ਼ੁਦਾ ਸੂਚੀ ਵਿੱਚ ਸ਼ਾਮਲ ਲੋਕਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰੇ।"

ਜ਼ਿਲ੍ਹਾ ਕੁਲੈਕਟਰ ਡੀ.ਆਰ ਮੇਘਸ਼੍ਰੀ ਨੇ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਸੂਚੀ ਗ੍ਰਾਮ ਪੰਚਾਇਤ, ਆਈ.ਸੀ.ਡੀ.ਐਸ., ਜ਼ਿਲ੍ਹਾ ਸਿੱਖਿਆ ਦਫ਼ਤਰ, ਲੇਬਰ ਦਫ਼ਤਰ, ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਆਦਿ ਦੇ ਅਧਿਕਾਰਤ ਰਿਕਾਰਡ ਨਾਲ ਮੇਲ ਕਰਕੇ ਤਿਆਰ ਕੀਤੀ ਗਈ ਹੈ। ਵੋਟਰ ਸੂਚੀ ਅਤੇ ਰਾਸ਼ਨ ਕਾਰਡਾਂ ਵਿੱਚੋਂ ਜਿਹੜੇ ਲੋਕ ਇਸ ਵੇਲੇ ਕੈਂਪਾਂ, ਰਿਸ਼ਤੇਦਾਰਾਂ ਦੇ ਘਰਾਂ, ਹਸਪਤਾਲਾਂ ਜਾਂ ਹੋਰ ਥਾਵਾਂ ’ਤੇ ਹਨ ਅਤੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਉਨ੍ਹਾਂ ਦੇ ਨਾਂ ਹਟਾ ਕੇ ਲਾਪਤਾ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ।