ਬਰੈਂਪਟਨ (ਹਰਮੀਤ) : ਕੈਨੇਡਾ ਵਿਚ ਜਿਥੇ ਪੰਜਾਬੀ ਜਿੱਤ ਦੇ ਝੰਡੇ ਗੱਡ ਕੇ ਪੰਜਾਬ ਦਾਂ ਨਾਂ ਰੋਸ਼ਨ ਕਰ ਰਹੇ ਹਨ। ਉਥੇ ਹੀ ਕੁਝ ਕੁ ਪੰਜਾਬੀ ਗਲਤ ਕੰਮ ਕਰਕੇ ਪੰਜਾਬ ਦਾ ਨਾਮ ਬਦਨਾਮ ਕਰ ਰਹੇ ਹਨ। ਕੈਨੇਡਾ ਵਿਚ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਹੋਰ ਖਬਰ ਕੈਨੇਡਾ ਦੇ ਬਰੈਂਪਟਨ ਤੋਂ ਸਾਹਮਣੇ ਆਈ ਹੈ। ਜਿਥੇ ਚਾਰ ਪੰਜਾਬੀ ਨੌਜਵਾਨਾਂ ਨੂੰ ਨਸ਼ਾ ਕਰਨ ਤੇ ਵੇਚਣ ਦੇ ਦੋ ਕੇਸਾਂ ਵਿਚ ਕਰਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਇਕਬਾਲ ਸਿੰਘ ਵਿਰਕ ਤੇ ਰਣਜੀਤ ਸਿੰਘ ਰੋਵਲ ਨੂੰ ਗ੍ਰਿਫਤਾਰ ਕੀਤਾ ਗਿਆ।
ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਇਕਬਾਲ ਅਤੇ ਰਣਜੀਤ ਦੇ ਟਰੱਕ ਵਿਚੋਂ ਸਾਢੇ ਸੈਂਤੀ ਲੱਖ ਡਾਲਰ ਦੇ ਮੁੱਲ ਦੀ ਕੋਕੀਨ ਮਿਲੀ ਹੈ। ਕੋਕੀਨ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ । ਉਹ ਕੈਨੇਡਾ ਵਾਸੀ ਹਨ ਤੇ ਮਿਸ਼ੀਗਨ (ਅਮਰੀਕਾ) ਤੋਂ ਬਲੂ ਵਾਟਰ ਬਰਿੱਜ ਰਾਹੀਂ ਸਾਰਨੀਆ (ਕੈਨੇਡਾ) ਵੱਲ੍ਹ ਜਾ ਰਹੇ ਸਨ। ਕਸਟਮਜ਼ ਅਧਿਕਾਰੀਆਂ ਨੇ ਉਨ੍ਹਾਂ ਦਾ ਟਰੱਕ ਰੋਕ ਕੇ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਲਈ ਤਾਂ ਇਕ ਕੁਇੰਟਲ ਤੋਂ ਵੱਧ ਕੋਕੀਨ ਤੇ 11 ਇੱਟਾਂ ਦੇ ਭਰੇ ਹੋਏ 27 ਬੈਗ ਮਿਲੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕਬਾਲ' ਤੇ ਰਣਜੀਤ ਵੱਡੇ ਪੱਧਰ 'ਤੇ ਨਸ਼ੇ ਦੇ ਧੰਦੇ ਸ਼ਾਮਲ ਹਨ ।
ਜਾਣਕਾਰੀ ਅਨੁਸਾਰ ਦੋਵਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਦੋ ਕੁ ਮਹੀਨੇ ਪਹਿਲਾਂ ਵੀ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਉਪਰ ਬਣੇ ਇਸੇ ਪੁਲ 'ਤੇ ਇਕ ਟਰੱਕ ਵਿੱਚੋਂ 460 ਕਿੱਲੋ ਕੋਕੀਨ ਮਿਲੀ ਸੀ ਤੇ ਉਸ ਕੇਸ ਵਿਚ ਜਸਦੀਪ ਬਰਾੜ ਦੀ ਗ੍ਰਿਫਤਾਰੀ ਹੋਈ ਸੀ। ਨਸ਼ੇ ਦੀਆਂ ਪੁੜੀਆਂ ਪਿੰਡਾਂ ਤੱਕ ਪਹੁੰਚਾਉਣ ਦੇ ਇਕ ਮਾਮਲੇ ਵਿਚ ਉਂਟਾਰੀਓ ਦੀ ਪੁਲਿਸ ਨੇ ਟੋਰਾਂਟੋ ਨੇੜੇ ਕਨੋਰਾ ਵਿਖੇ ਇਕ ਗੱਡੀ ਰੋਕ ਕੇ ਉਸ ਵਿਚੋਂ 20 ਕੁ ਸਾਲਾਂ ਦੇ ਜਸ਼ਨਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਨੂੰ ਫੜਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀ ਗੱਡੀ ਵਿਚੋਂ ਪੁਲਿਸ ਨੂੰ ਚਾਰ ਲੱਖ ਡਾਲਰਾਂ ਦੀ ਫੈਂਟਾਨਿਲ (ਰਸਾਇਣਕ ਨਥਾ) ਦੀਆਂ ਪੁੜੀਆਂ ਮਿਲੀਆਂ ਜੋ ਨਾਲ ਲੱਗਦੇ ਪਿੰਡਾਂ ਵਿਚ ਵੇਚੀਆਂ ਜਾਣੀਆਂ ਸਨ ।