ਦੁਬਈ (Nri Media) : ਦੁਬਈ 'ਚ ਇਕ ਭਾਰਤੀ ਬੱਚਾ ਜਿਹੜਾ ਮਹਿਜ਼ 11 ਮਹੀਨੇ ਦਾ ਹੈ, ਨੂੰ 7 ਕਰੋੜ ਦੀ ਲਾਟਰੀ ਲੱਗ ਗਈ ਹੈ। ਇਹ ਲਾਟਰੀ ਉਸ ਦੇ ਪਿਤਾ ਨੇ ਆਪਣੇ ਬੱਚੇ ਦੇ ਨਾਂ ਤੋਂ ਖ਼ਰੀਦੀ ਸੀ। ਇੰਨੀ ਵੱਡੀ ਲਾਟਰੀ ਲੱਗਣ ਤੋਂ ਬਾਅਦ ਬੱਚੇ ਦੇ ਪਿਤਾ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਉਹ ਖ਼ੁਦ ਇਕ ਪ੍ਰਾਈਵੇਟ ਕੰਪਨੀ 'ਚ ਅਕਾਊਂਟੈਂਟ ਹੈ। ਜਾਣਕਾਰੀ ਅਨੁਸਾਰ ਰਮੀਜ਼ ਰਹਿਮਾਨ ਆਬੂ ਧਾਬੀ 'ਚ ਅਕਾਊਂਟੈਂਟ ਹੈ ਤੇ ਉਸ ਦਾ 11 ਮਹੀਨੇ ਦਾ ਬੇਟਾ ਮੁਹੰਮਦ ਸਲਾਹ ਹੈ।
ਰਮੀਜ਼ ਨੇ ਆਪਣੇ ਬੇਟੇ ਦੇ ਨਾਂ ਤੋਂ ਲਾਟਰੀ ਖ਼ਰੀਦੀ ਸੀ ਜੋ 13 ਫਰਵਰੀ ਨੂੰ ਇਕ ਸਾਲ ਦਾ ਹੋ ਰਿਹਾ ਹੈ। ਲਾਟਰੀ ਲੱਗਣ ਦੀ ਖ਼ਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਰਮੀਜ਼ ਅਨੁਸਾਰ ਉਸ ਨੂੰ ਇੰਨੀ ਵੱਡੀ ਲਾਟਰੀ ਲੱਗਣ ਦਾ ਯਕੀਨ ਨਹੀਂ ਹੋਇਆ। ਗਲਫ਼ ਨਿਊਜ਼ ਦੀ ਰਿਪੋਰਟ ਅਨੁਸਾਰ ਕੇਰਲ ਦੇ ਰਹਿਣ ਵਾਲੇ ਰਮੀਜ਼ ਪਿਛਲੇ 6 ਸਾਲ ਤੋਂ ਦੁਬਈ 'ਚ ਰਹਿ ਰਹੇ ਹਨ ਤੇ ਇਕ ਸਾਲ ਤੋਂ ਦੁਬਈ ਡਿਊਟੀ ਫ੍ਰੀ ਪ੍ਰਮੋਸ਼ਨ 'ਚ ਹਿੱਸਾ ਲੈ ਰਹੇ ਸਨ।
ਆਖ਼ਿਰਕਾਰ ਉਨ੍ਹਾਂ ਦੀ ਕਿਸਮਤ ਚਮਕ ਹੀ ਗਈ। ਲਾਟਰੀ ਜਿੱਤਣ ਤੋਂ ਬਾਅਦ ਰਮੀਜ਼ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਜ਼ਿੰਦਗੀ ਸਕਾਰਾਤਮਕਤਾ ਨਾਲ ਸ਼ੁਰੂ ਹੋਈ ਹੈ। ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ। ਇਸ ਲਾਟਰੀ ਦੇ ਜਿੱਤਣ ਵਾਲੇ ਬੱਚੇ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਉਹ ਆਪਣਾ ਨਾਂ ਮਿਸਰ ਦੇ ਮਸ਼ਹੂਰ ਫੁੱਟਬਾਲਰ ਤੇ ਚੈਂਪੀਅਨਜ਼ ਲੀਗ ਵਿਨਰ ਮੁਹੰਮਦ ਸਲੇਹ ਨਾਲ ਸ਼ੇਅਰ ਕਰਦਾ ਹੈ।