ਨੇਪਾਲ ਵਿੱਚ ਜਮੀਨ ਖਿਸਕੀ – ਭਿਆਨਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ,2 ਲਾਪਤਾ

by mediateam

ਕਾਠਮੰਡੂ , 24 ਜੁਲਾਈ ( NRI MEDIA )

ਨੇਪਾਲ ਵਿਚ ਹੜ ਨਾਲ ਹਾਲਾਤ ਬਹੁਤ ਭਿਆਨਕ ਬਣੇ ਹੋਏ ਹਨ , ਇਸ ਦੌਰਾਨ ਜਮੀਨ ਖਿਸਕਣ ਦੇ ਕਾਰਨ ਨੇਪਾਲ ਦੇ ਗੁਲੇਮੀ ਜ਼ਿਲੇ ਦੇ ਉੱਤਰ-ਪੱਛਮੀ ਇਲਾਕੇ ਵਿਚ 11 ਲੋਕ ਮਾਰੇ ਗਏ ਹਨ ਜਦਕਿ ਦੋ ਹਾਦਸੇ ਵਿਚ ਲਾਪਤਾ ਦੱਸੇ ਜਾ ਰਹੇ ਹਨ , ਪੁਲਿਸ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਚੱਲ ਰਿਹਾ ਹੈ ਪਰ ਕਿਸੇ ਨੂੰ ਵੀ ਲਾਪਤਾ ਵਿਅਕਤੀ ਨਹੀਂ ਮਿਲੇ ਹਨ , ਨੇਪਾਲ ਵਿਚ ਭਾਰੀ ਮੀਂਹ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੋਈ ਹੈ ,ਇਸ ਸਮੇਂ ਦੌਰਾਨ ਲਗਭਗ 90 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ,ਅਧਿਕਾਰੀਆਂ ਦੇ ਅੰਦਾਜ਼ੇ ਅਨੁਸਾਰ ਦੇਸ਼ ਦੇ ਮੁੜ ਨਿਰਮਾਣ ਅਤੇ ਮੁੜ ਵਸੇਵੇ ਲਈ ਵੱਡੀ ਰਕਮ ਦੀ ਜ਼ਰੂਰਤ ਹੈ |

'ਕਾਠਮੰਡੂ ਪੋਸਟ' ਵਲੋਂ ਜਾਰੀ ਇਕ ਰਿਪੋਰਟ ਅਨੁਸਾਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਜੁਲਾਈ ਦੇ ਦੂਜੇ ਹਫ਼ਤੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਵੱਡੀ ਤਬਾਹੀ ਹੋਈ ਹੈ , ਸੜਕ ਵਿਭਾਗ ਦੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਬੁਨਿਆਦੀ ਢਾਂਚੇ ਦੀ ਪੁਨਰਵਾਸ ਅਤੇ ਮੁਰੰਮਤ ਦੀ ਲਾਗਤ ਕਰੀਬ 22 ਕਰੋੜ ਰੁਪਏ ਹੋਵੇਗੀ |

ਲਗਾਤਾਰ ਮੀਂਹ ਦੇ ਕਾਰਨ 50 ਤੋਂ ਵੱਧ ਸੜਕਾਂ ਅਤੇ ਪੁਲ ਢਹਿ-ਢੇਰੀ ਹੋ ਗਏ ਹਨ , ਇਥੇ ਹੁਣ ਵੀ ਲਗਤਾਰ ਮੀਂਹ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵਧੇਰੇ ਨੁਕਸਾਨ ਹੋਣ ਦੀ ਸੰਭਾਵਨਾ ਹੈ , ਦੇਸ਼ ਵਿਚ ਹਰ ਸਾਲ ਮਾਨਸੂਨ ਦੌਰਾਨ ਹੜ੍ਹਾਂ ਵਿਚ ਸੜਕਾਂ ਅਤੇ ਪੁਲ ਬਰਬਾਦ ਹੋ ਜਾਂਦੇ ਹਨ ਅਤੇ ਵੱਡੇ ਨੁਕਸਾਨ ਹੁੰਦੇ ਹਨ |