ਕੈਨੇਡਾ ’ਚ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ 1 ਮੈਂਬਰ ਗ੍ਰਿਫ਼ਤਾਰ

by nripost

ਵੈਨਕੂਵਰ (ਨੇਹਾ): ਪੀਲ ਪੁਲੀਸ ਨੇ ਲੱਖਾਂ ਡਾਲਰ (ਕਰੋੜਾਂ ਰੁਪਏ) ਕੀਮਤ ਵਾਲੀਆਂ ਲਗਜ਼ਰੀ ਕਾਰਾਂ ਚੋਰੀ ਕਰਕੇ ਹੋਰਨਾਂ ਮੁਲਕਾਂ ਵਿਚ ਭੇਜਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਦੂਜੇ ਸਾਥੀ ਦੀ ਭਾਲ ਲਈ ਪੁਲੀਸ ਨੇ ਉਸ ਦੀ ਫੋਟੋ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੀਲ ਪੁਲੀਸ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਬਰੈਂਪਟਨ ਦੇ ਰਹਿਣ ਵਾਲੇ ਚਰਮੀਤ ਮਠਾਰੂ (29) ਅਤੇ ਨਿਖਿਲ ਸਿੱਧੂ (26) 4 ਨਵੰਬਰ 2023 ਨੂੰ ਲਗਜ਼ਰੀ ਕਾਰਾਂ ਕਿਰਾਏ ’ਤੇ ਦੇਣ ਵਾਲੇ ਸ਼ੋਅ ਰੂਮ ਦੀ ਤੋੜ ਭੰਨ ਕਰਕੇ ਅੰਦਰ ਗਏ ਤੇ ਉੱਥੇ ਪਈਆਂ ਦਰਜਨਾਂ ਚਾਬੀਆਂ ਕਬਜ਼ੇ ਵਿੱਚ ਲੈ ਲਈਆਂ। ਮਗਰੋਂ ਇਨ੍ਹਾਂ ’ਚੋਂ ਦੋ ਚਾਬੀਆਂ ਨਾਲ ਇੱਕ ਜੀਐਮਸੀ ਕੰਪਨੀ ਦੀ ਐਸਯੂਵੀ ਅਤੇ ਇੱਕ ਰੌਲਜ਼ ਰਾਇਸ ਕਾਰ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਸਾਢੇ ਅੱਠ ਲੱਖ ਡਾਲਰ (ਕਰੀਬ ਪੰਜ ਕਰੋੜ ਰੁਪਏ) ਸੀ, ਉਥੋਂ ਭਜਾ ਕੇ ਲੈ ਗਏ ਤੇ ਸਮੁੰਦਰੀ ਰਸਤੇ ਵਿਦੇਸ਼ਾਂ ਨੂੰ ਭੇਜ ਦਿੱਤੀਆਂ।

ਪੁਲੀਸ ਦਾ ਮੰਨਣਾ ਹੈ ਕਿ ਇਹ ਦੋਵੇਂ ਮਾਫੀਆ ਗਰੋਹ ਦੇ ਮੈਂਬਰ ਹੋ ਸਕਦੇ ਹਨ। ਸ਼ੋਅ ਰੂਮ ਵਾਲਿਆਂ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਗਈ ਤਾਂ ਦੋਵਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਗਈ। ਪੁਲੀਸ ਨੇ ਕੁਝ ਦਿਨ ਪਹਿਲਾਂ ਚਰਮੀਤ ਮਠਾਰੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਦਾਲਤ ’ਚੋਂ ਨਿਖਿਲ ਸਿੱਧੂ ਦੇ ਗ੍ਰਿਫਤਾਰੀ ਵਾਰੰਟ ਹਾਸਲ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਵਜੋਂ ਪੁਲੀਸ ਨੇ ਉਨ੍ਹਾਂ ਦੀਆਂ ਫੋਟੋਆਂ ਰਿਲੀਜ਼ ਕੀਤੀਆਂ ਹਨ।

More News

NRI Post
..
NRI Post
..
NRI Post
..