ਹਰਿਆਣਾ ‘ਚ ਸਕੂਲੀ ਬੱਸ ਪਲਟੀ, 6 ਵਿਦਿਆਰਥੀਆਂ ਦੀ ਮੌਤ, 20 ਜਖਮੀ

by nripost

ਮਹਿੰਦਰਗੜ੍ਹ (ਰਾਘਵ): ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿਚ ਸਕੂਲੀ ਬੱਸ ਪਲਟਣ ਕਾਰਨ 6 ਬੱਚਿਆਂ ਦੀ ਮੌਤ ਹੋ ਗਈ ਹੈ। ਜਦਕਿ 20 ਬੱਚੇ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਹਾਦਸੇ ਦਾ ਕਾਰਨ ਓਵਰਟੇਕ ਕਰਨਾ ਦਸਿਆ ਜਾ ਰਿਹਾ ਹੈ।

ਦਰਅਸਲ, ਮਹਿੰਦਰਗੜ੍ਹ ਦੇ ਕਨੀਨਾ ਕਸਬੇ ਸਥਿਤ ਜੀਆਰਐਲ ਸਕੂਲ ਦੀ ਬੱਸ ਵੀਰਵਾਰ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਪਿੰਡ ਉਨਹਾਨੀ ਨੇੜੇ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਅਚਾਨਕ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜ਼ਬਰਦਸਤ ਧਮਾਕਾ ਹੋਇਆ ਅਤੇ ਚੀਕ-ਚਿਹਾੜਾ ਪੈ ਗਿਆ। ਬੱਸ 'ਚ ਸਵਾਰ 6 ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ 20 ਬੱਚੇ ਜ਼ਖਮੀ ਹੋਏ ਹਨ।

ਮਹਿੰਦਰਗੜ੍ਹ ਦੇ ਐਸਪੀ ਅਰਸ਼ ਵਰਮਾ ਨੇ ਦਸਿਆ ਕਿ ਇਹ ਘਟਨਾ ਸਵੇਰੇ ਸਾਢੇ 8 ਵਜੇ ਵਾਪਰੀ। ਦਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਈਦ ਦੀ ਸਰਕਾਰੀ ਛੁੱਟੀ ਵਾਲੇ ਦਿਨ ਸਕੂਲ ਬੰਦ ਹੋਣ ਬਾਰੇ ਐਸਪੀ ਨੇ ਕਿਹਾ ਕਿ ਇਸ ਬਾਰੇ ਸਕੂਲ ਅਥਾਰਟੀ ਨਾਲ ਸੰਪਰਕ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਅਸੀਂ ਦੇਖਾਂਗੇ ਕਿ ਇਸ ਮਾਮਲੇ 'ਚ ਸਕੂਲ ਦੀ ਕੀ ਜ਼ਿੰਮੇਵਾਰੀ ਹੈ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਹਨ ਦੇ ਦਸਤਾਵੇਜ਼ਾਂ ਦੇ ਅਧੂਰੇ ਹੋਣ ਦੀ ਵੀ ਜਾਂਚ ਕੀਤੀ ਜਾਵੇਗੀ।

ਦਸਿਆ ਜਾ ਰਿਹਾ ਹੈ ਕਿ ਕਨੀਨਾ ਵਿਚ ਸਥਿਤ ਇਹ ਸਕੂਲ ਲਗਭਗ 22 ਸਾਲ ਪੁਰਾਣਾ ਹੈ, ਜੋ 12ਵੀਂ ਜਮਾਤ ਤਕ ਹੈ। ਇਸ ਸਕੂਲ ਦਾ ਮਾਲਕ ਰਾਜੇਂਦਰ ਲੋਢਾ ਹੈ, ਜੋ ਨਗਰ ਪਾਲਿਕਾ ਕਨੀਨਾ ਦਾ ਮੁਖੀ ਵੀ ਰਹਿ ਚੁੱਕਿਆ ਹੈ।