ਵਾਸ਼ਿੰਗਟਨ (ਸਾਹਿਬ) - ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਈਕ ਮਿੱਲਰ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਹੋਰ ਸਖਤੀ ਕਰਦਿਆਂ ਕਿਹਾ ਹੈ ਕਿ ਸਟੱਡੀ ਪਰਮਿਟ ਕਿਸੇ ਨੂੰ ਵੀ ਕੈਨੇਡਾ ਵਿੱਚ ਪੱਕੇ ਹੋਣ ਦੀ ਗਾਰੰਟੀ ਨਹੀਂ ਦਿੰਦਾ ਤੇ ਨਾ ਹੀ ਹੁਣ ਇਸ ਨੂੰ ਪੀਆਰ ਦਾ ਵਸੀਲਾ ਬਣਨ ਦਿੱਤਾ ਜਾਏਗਾ। ਮੰਤਰੀ ਨੇ ਸਖਤ ਭਰੇ ਲਹਿਜ਼ੇ ਵਿਚ ਕਿਹਾ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਇਹ ਸੋਚ ਕੇ ਹੀ ਇੱਥੇ ਆਉਣ।
ਮੰਤਰੀ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿਚ ਆਏ ਵਿਦਿਆਰਥੀ ਪਹਿਲਾਂ ਹੀ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਕਾਮਿਆਂ ਦੀ ਲੋੜ ਬਾਰੇ ਕੀਤੇ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਇਸ ਪ੍ਰਣਾਲੀ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਹੋ ਰਹੀ ਹੈ ਜਿਸ ’ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਏਗਾ।
ਮਾਈਕ ਮਿਲਰ ਨੇ ਸੰਕੇਤ ਦਿੱਤੇ ਕਿ ਇਸ ਪ੍ਰਣਾਲੀ ਵਿਚਲੀਆਂ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਖਤੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਹੁਣ ਕਈ ਦੇਸ਼ਾਂ ਦੇ ਸਟੱਡੀ ਪਰਮਿਟ ’ਤੇ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ।