ਵੈੱਬ ਡੈਸਕ (ਸਾਹਿਬ) - ਮਨਾਲੀ 'ਚ ਨਵਾਂ ਵਾਕਿਆ ਸਾਹਮਣੇ ਆਇਆ ਹੈ, ਜਿਥੇ ਹਿਮਾਚਲ ਦੇ ਕੁੱਝ ਨੌਜਵਾਨਾਂ ਵੱਲੋਂ ਇੱਕ ਪੰਜਾਬੀ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ। ਘਟਨਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁੱਟਮਾਰ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਟੈਕਸੀ ਡਰਾਈਵਰ ਵੀ ਸਖਤ ਐਕਸ਼ਨ ਲੈਂਦੇ ਵਿਖਾਈ ਦੇ ਰਹੇ ਹਨ ਅਤੇ ਹਿਮਾਚਲ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰ ਰਹੇ ਹਨ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੇ ਮਨਾਲੀ 'ਚ ਟੈਕਸੀ ਡਰਾਈਵਰ ਦੀ ਕੁੱਟਮਾਰ ਦਾ ਸਖਤ ਨੋਟਿਸ ਲਿਆ ਹੈ। ਯੂਨੀਅਨ ਵੱਲੋਂ ਹਿਮਾਚਲ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਮੂਹ ਟੈਕਸੀ ਡਰਾਈਵਰਾਂ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਾਫਲਾ ਹਿਮਾਚਲ ਵੀ ਲੈ ਕੇ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਪੰਜਾਬੀ ਟੈਕਸੀ ਡਰਾਈਵਰ ਨਾਲ ਕੁੱਟਮਾਰ ਦੀ ਇਹ ਘਟਨਾ ਮਨਾਲੀ ਵਿੱਚ ਵਾਪਰੀ ਹੈ, ਜਿਸ ਤੋਂ ਬਾਅਦ ਪੰਜਾਬੀਆਂ ਵਿੱਚ ਭਖਵਾਂ ਰੋਸ ਪਾਇਆ ਜਾ ਰਿਹਾ ਹੈ। ਵਾਇਰਲ ਹੋ ਰਹੀ ਕੁੱਟਮਾਰ ਦੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪੰਜਾਬੀ ਟੈਕਸੀ ਡਰਾਈਵਰ ਜਦੋਂ ਪਾਰਕਿੰਗ ਵਿੱਚ ਕਾਰ ਲਗਾਉਣ ਲਈ ਸੜਕ 'ਤੇ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੌਰਾਨ ਹੀ ਕੁੱਝ ਹਿਮਾਚਲ ਦੇ ਨੌਜਵਾਨ ਉਸ ਉਪਰ ਅਚਾਨਕ ਹਮਲਾ ਕਰ ਦਿੰਦੇ ਹਨ। ਦੱਸ ਦਈਏ ਕਿ ਹਮਲੇ ਵਿੱਚ ਟੈਕਸੀ ਡਰਾਈਵਰ ਦੇ ਮੂੰਹ ਵਿੱਚੋਂ ਖੂਨ ਵੀ ਨਿਕਲਣ ਲੱਗ ਜਾਂਦਾ ਹੈ।
ਆਪਣੇ ਉਪਰ ਹੋਏ ਹਮਲੇ ਸਬੰਧੀ ਪੀੜਤ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਹ ਇੱਕ ਹੋਟਲ ਦੇ ਬਾਹਰ ਟੈਕਸੀ ਪਾਰਕਿੰਗ ਕਰਨ ਲੱਗਾ ਸੀ ਤਾਂ ਜਦੋਂ ਉਹ ਸੜਕ 'ਤੇ ਗੱਡੀ ਮੋੜਨ ਲੱਗਿਆ ਤਾਂ ਉਸ ਨੇ ਦੂਜੀਆਂ ਕਾਰਾਂ ਵਾਲਿਆਂ ਨੂੰ ਇੱਕ ਮਿੰਟ ਰੁਕਣ ਲਈ ਕਿਹਾ ਪਰ ਉਨ੍ਹਾਂ ਨੇ ਅਚਾਨਕ ਉਸ ਨਾਲ ਬਹਿਸ ਕਰਦੇ ਹੋਏ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਥਾਨਕ ਲੋਕ ਪੰਜਾਬੀ ਡਰਾਈਵਰ ਨੂੰ ਭਜਾ-ਭਜਾ ਕੇ ਕੁੱਟ ਰਹੇ ਹਨ।