ਜਲੰਧਰ (ਸਾਹਿਬ) - ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਦਿਨ ਵੇਲੇ ਕਦੇ ਬੱਦਲਵਾਈ ਤੇ ਕਦੇ ਧੁੱਪ ਨਿਕਲੀ। ਧੁੱਪ ਨਿਕਲਣ ਦੌਰਾਨ ਗਰਮੀ ਤੇ ਹੁੰਮਸ ਨੇ ਬੇਹਾਲ ਕੀਤੇ ਰੱਖਿਆ। ਮੌਸਮ ਵਿਭਾਗ ਮੁਤਾਬਕ ਅੱਜ ਵੀ ਅਸਮਾਨ 'ਚ ਬੱਦਲ ਛਾਏ ਰਹਿਣਗੇ। ਫਰੀਦਕੋਟ ਜ਼ਿਲ੍ਹੇ 'ਚ ਦਿਨ ਦਾ ਸਭ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦਾ ਦਿਨ ਦਾ ਤਾਪਮਾਨ 36.6 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ, ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਅਤੇ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਿਛਲੇ 24 ਘੰਟਿਆਂ ਦੌਰਾਨ ਫ਼ਿਰੋਜ਼ਪੁਰ ਅਤੇ ਪਠਾਨਕੋਟ ਦੋਵਾਂ ਜ਼ਿਲ੍ਹਿਆਂ 'ਚ ਕ੍ਰਮਵਾਰ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਔਸਤ ਤਾਪਮਾਨ 'ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਜੋ ਕਿ ਆਮ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਸ਼ਨਿਚਰਵਾਰ ਲਈ ਪੰਜਾਬ 'ਚ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਨਸੂਨ 'ਚ ਬਦਲਾਅ ਆਉਂਦੇ ਹੀ ਜ਼ਿਲ੍ਹੇ 'ਚ ਬਿਮਾਰੀਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿਚ ਸਿਵਲ ਹਸਪਤਾਲ 'ਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਿਵਲ ਹਸਪਤਾਲ 'ਚ ਰੋਜ਼ਾਨਾ 20 ਤੋਂ ਜ਼ਿਆਦਾ ਬੱਚੇ ਇਲਾਜ ਲਈ ਪਹੁੰਚ ਰਹੇ ਹਨ।