ਤਰਨਤਾਰਨ, 11 ਜੂਨ:ਵਾਤਾਵਰਨ ਨੂੰ ਸਾਫ ਸੁਥਰਾ ਅਤੇ ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਪਲਾਂਟੇਸ਼ਨ ਮੁਹਿੰਮ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਵਿਭਾਗਾਂ ਦੇ ਆਲਾ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਸੰਦੀਪ ਕੁਮਾਰ ਨੇ ਕਿਹਾ ਕਿ ਹਰ ਇੱਕ ਅਧਿਕਾਰੀ ਆਪਣੇ ਆਪਣੇ ਵਿਭਾਗਾਂ ਦੇ ਵਿੱਚ ਬੂਟੇ ਲਗਾਉਣ ਲਈ ਜਗਾ ਦੀ ਤੁਰੰਤ ਸ਼ਨਾਖ਼ਤ ਕਰਨ ਤਾਂ ਜੋ ਮਾਨਸੂਨ ਦੇ ਮੌਸਮ ਦੀ ਆਮਦ ਤੋਂ ਪਹਿਲਾਂ ਜ਼ਿਲੇ੍ ਦੇ ਵਿੱਚ ਰਿਕਾਰਡ ਤੋੜ ਬੂਟੇ ਲਗਾਏ ਜਾ ਸਕਣ।
ਉਨਾਂ ਮੀਟਿੰਗ ਦੇ ਵਿੱਚ ਮੌਜੂਦ ਹਰ ਇੱਕ ਅਧਿਕਾਰੀ ਨੂੰ ਅੱਜ ਦੇ ਸਮੇਂ ਦੌਰਾਨ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਉਨਾਂ ਕਿਹਾ ਕਿ ਬੂਟੇ ਲਗਾਉਣਾ ਸਿਰਫ ਸਰਕਾਰੀ ਜਾਂ ਫਿਰ ਨਿਜ਼ੀ ਅਦਾਰਿਆਂ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਇੱਕ ਵਿਅਕਤੀ ਇਸ ਨੂੰ ਯਕੀਨੀ ਬਣਾਏ ਕਿ ਉਹ ਜ਼ਿਲੇ ਦੇ ਵਿੱਚ ਇੱਕ-ਇੱਕ ਬੂਟਾ ਲਗਾਵੇ।
ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਵੱਧ ਤੋਂ ਵੱਧ ਹਰਭਲ ਬੂਟੇ ਲਗਾਏ ਜਾਣ ਤਾਂ ਜੋ ਅਜਿਹੇ ਬੂਟਿਆਂ ਦਾ ਮਨੁੱਖ ਦੀ ਸਿਹਤ ‘ਤੇ ਚੰਗਾ ਅਸਰ ਹੋਵੇ।ਉਨਾਂ ਕਿਹਾ ਕਿ ਹਰ ਇੱਕ ਵਿਭਾਗ ਜੰਗੀ ਪੱਧਰ ‘ਤੇ ਬੂਟੇ ਲਗਾਉਣ ਤੋਂ ਬਾਅਦ ਇਨਾਂ ਦੀ ਰੱਖ ਰਖਾਅ ਨੂੰ ਵੀ ਯਕੀਨੀ ਬਣਾਵੇ ਤਾਂ ਜੋਂ ਨਿੱਕੇ ਨਿੱਕੇ ਬੂਟੇ ਇੱਕ ਦਿਨ ਵੱਡੇ ਵੱਡੇ ਰੁੱਖਾਂ ਦਾ ਰੂਪ ਲੈ ਸਕਣ।