ਇਜ਼ਰਾਈਲ (ਦੇਵ ਇੰਦਰਜੀਤ) : ਇਜ਼ਰਾਈਲ ਨਾਲ ਸਬੰਧਾਂ ’ਚ ਵਧ ਰਹੀ ਗਰਮਾਹਟ ਦੌਰਾਨ ਰਾਜਧਾਨੀ ਤਲ ਅਵੀਵ ਪੁੱਜੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਸਹਿਯੋਗ ਵਧਾਉਣ ਦੇ ਨੁਕਤਿਆਂ ’ਤੇ ਚਰਚਾ ਕੀਤੀ ਹੈ। ਇਸ ਸਿਲਸਿਲੇ ’ਚ ਜਨਰਲ ਨਰਵਾਣੇ ਦੀ ਗੱਲਬਾਤ ਇਜ਼ਰਾਈਲ ਦੀ ਥਲ ਸੈਨਾ ਦੇ ਮੁਖੀ ਮੇਜਰ ਜਨਰਲ ਤਮੀਰ ਯਾਦਾਈ ਨਾਲ ਹੋਈ ਹੈ। ਭਾਰਤੀ ਫ਼ੌਜ ਦੇ ਡਿਪਟੀ ਡਾਇਰੈਕਟਰ ਜਨਰਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਇਜ਼ਰਾਈਲ ਦੇ ਆਪਣੇ ਦੌਰੇ ’ਚ ਜਨਰਲ ਨਰਵਾਣੇ ਉੱਚ ਅਧਿਕਾਰੀਆਂ ਨਾਲ ਹੀ ਸਿਆਸੀ ਅਗਵਾਈ ਕਰ ਰਹੇ ਵੱਡੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।
ਮੁਲਾਕਾਤਾਂ ’ਚ ਦੋਵਾਂ ਦੇਸ਼ਾਂ ਦੇ ਰੱਖਿਆ ਸਬੰਧਾਂ ਨੂੰ ਨਵਾਂ ਪੱਖ ਦੇਣ ’ਤੇ ਚਰਚਾ ਹੋਵੇਗੀ। ਰੱਖਿਆ ਮੰਤਰਾਲੇ ਮੁਤਾਬਕ ਦੋਵਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਖ਼ਾਸ ਤੌਰ ’ਤੇ ਫ਼ੌਜੀ ਸਬੰਧ ਸਥਾਪਿਤ ਕਰਨ ਦੀ ਰੂਪਰੇਖਾ ਤਿਆਰ ਕਰਨਗੇ। ਇਸ ਤੋਂ ਪਹਿਲਾਂ ਤਲ ਅਵੀਵ ਪਹੁੰਚਣ ’ਤੇ ਜਨਰਲ ਨਰਵਾਣੇ ਦਾ ਇੱਥੋਂ ਦੀ ਫ਼ੌਜ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਫ਼ੌਜ ਦੇ ਜਵਾਨਾਂ ਨੇ ਜਨਰਲ ਨਰਵਾਣੇ ਨੂੰ ਗਾਰਡ ਆਫ ਆਨਰ ਦਿੱਤਾ।
ਕਰੀਬ 30 ਸਾਲਾਂ ਦੇ ਦੋਵਾਂ ਦੇਸ਼ਾਂ ਦੇ ਸਬੰਧ ’ਚ ਹੁਣ ਦੇ ਸਾਲਾਂ ’ਚ ਖ਼ਾਸ ਤਰੱਕੀ ਹੋਈ ਹੈ। ਅਕਤੂਬਰ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਜ਼ਰਾਈਲ ਯਾਤਰਾ ਤੇ ਉਸ ਤੋਂ ਬਾਅਦ ਗਲਾਸਗੋ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਹਮਰੁਤਬਾ ਨਾਫਤਾਲੀ ਬੈਨੇਟ ਨਾਲ ਹੋਈ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਹੋਰ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਲਈ ਇਜ਼ਰਾਈਲ ਰੱਖਿਆ ਸਾਜੋ ਸਾਮਾਨ ਦਾ ਪ੍ਰਮੁੱਖ ਸਪਲਾਇਰ ਦੇਸ਼ ਹੈ।