ਬੈਂਗਲੁਰੂ (ਸਰਬ)— ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਵੱਡੀ ਸਫਲਤਾ ਮਿਲੀ ਹੈ। NIA ਨੇ ਧਮਾਕੇ ਦੇ ਮਾਸਟਰਮਾਈਂਡ ਅਤੇ ਬੰਬ ਲਗਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਏਜੰਸੀ ਦੀ ਟੀਮ ਨੇ ਤਿੰਨ ਰਾਜਾਂ ਵਿੱਚ 18 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਨਆਈਏ ਦੀਆਂ ਕਈ ਟੀਮਾਂ ਨੇ ਕਰਨਾਟਕ ਵਿੱਚ 12 ਥਾਵਾਂ, ਤਾਮਿਲਨਾਡੂ ਵਿੱਚ ਪੰਜ ਥਾਵਾਂ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਥਾਂ ਯਾਨੀ ਤਕਰੀਬਨ 18 ਥਾਵਾਂ ’ਤੇ ਕਾਰਵਾਈ ਕਰਕੇ ਮੁਜ਼ੱਮਿਲ ਸ਼ਰੀਫ਼ ਨੂੰ ਫੜਿਆ। ਐਨਆਈਏ ਨੇ 3 ਮਾਰਚ ਨੂੰ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ ਸੀ। ਏਜੰਸੀ ਨੇ ਪਹਿਲਾਂ ਮੁਸਾਵੀਰ ਸ਼ਾਜੀਬ ਹੁਸੈਨ ਦੀ ਪਛਾਣ ਧਮਾਕੇ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀ ਵਜੋਂ ਕੀਤੀ ਸੀ।
ਐਨਆਈਏ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਹੋਰ ਸਾਜ਼ਿਸ਼ਕਰਤਾ ਅਬਦੁਲ ਮਾਤਿਨ ਤਾਹਾ ਦੀ ਵੀ ਪਛਾਣ ਕੀਤੀ ਗਈ ਹੈ, ਜਿਸ ਨੂੰ ਏਜੰਸੀ ਨੇ ਹੋਰ ਮਾਮਲਿਆਂ ਵਿਚ ਵੀ ਲਾਪਤਾ ਘੋਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਮੁਸੱਵਵੀਰ ਸ਼ਾਜੀਬ ਹੁਸੈਨ ਨੇ ਇਨ੍ਹਾਂ ਧਮਾਕਿਆਂ ਨੂੰ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅਜੇ ਫਰਾਰ ਹਨ।