ਬਿਹਾਰ, 22 ਮਾਰਚ 2024 – ਬਿਹਾਰ ‘ਚ ਸੁਪੌਲ ਦੇ ਬਕੌਰ ਅਤੇ ਮਧੂਬਨੀ ਜ਼ਿਲ੍ਹੇ ਦੇ ਭੀਜਾ ਦੇ ਵਿਚਕਾਰ ਬਣਾਏ ਜਾ ਰਹੇ ਪੁਲ ਦੇ ਤਿੰਨ ਗਰਡਰ ਸ਼ੁੱਕਰਵਾਰ ਸਵੇਰੇ ਡਿੱਗ ਗਏ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 10 ਤੋਂ ਵੱਧ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। 4 ਅਜੇ ਵੀ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ। ਰਾਹਤ ਕਾਰਜ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲ ਦਾ ਇੱਕ ਹਿੱਸਾ ਕੋਸੀ ਨਦੀ ਵਿੱਚ ਡਿੱਗ ਗਿਆ ਹੈ। ਇਹ ਦੇਸ਼ ਦੇ ਸਭ ਤੋਂ ਲੰਬੇ ਪੁਲ ਵਜੋਂ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਵੱਲੋਂ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੀ ਲੰਬਾਈ 10.2 ਕਿਲੋਮੀਟਰ ਤੋਂ ਵੱਧ ਹੈ। ਪਹੁੰਚ ਸੜਕ ਸਮੇਤ ਪੁਲ ਦੀ ਕੁੱਲ ਲੰਬਾਈ 13.3 ਕਿਲੋਮੀਟਰ ਹੋਵੇਗੀ। ਪੁਲ ਦਾ ਨਿਰਮਾਣ 2023 ਤੱਕ ਪੂਰਾ ਹੋਣਾ ਸੀ, ਪਰ ਕੋਰੋਨਾ ਅਤੇ ਹੜ੍ਹਾਂ ਕਾਰਨ ਪੁਲ ਦੇ ਨਿਰਮਾਣ ਦਾ ਸਮਾਂ ਵਧਾਇਆ ਗਿਆ ਹੈ। ਸੁਪੌਲ ਦੇ ਡੀਐਮ ਕੌਸ਼ਲ ਕੁਮਾਰ ਨੇ ਵੀ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ 10 ਲੋਕ ਜ਼ਖਮੀ ਹਨ। ਸਦਰ ਦੇ ਐਸਡੀਐਮ ਇੰਦਰਵੀਰ ਕੁਮਾਰ ਨੇ ਦੱਸਿਆ ਕਿ ਕਰੇਨ ਮਧੂਬਨੀ ਤੋਂ ਆ ਰਹੀ ਹੈ। ਗਾਰਟਰ ਚੁੱਕਣ ਤੋਂ ਬਾਅਦ ਹੀ ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਲੱਗੇਗਾ। ਇਹ ਪੁਲ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਇਆ ਜਾ ਰਿਹਾ ਹੈ। ਇਸ ਪੁਲ ਦੇ ਬਣਨ ਤੋਂ ਬਾਅਦ ਸੁਪੌਲ ਤੋਂ ਮਧੂਬਨੀ ਦੀ ਦੂਰੀ 30 ਕਿਲੋਮੀਟਰ ਘੱਟ ਜਾਵੇਗੀ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 1199.58 ਕਰੋੜ ਰੁਪਏ ਹੈ, ਜਿਸ ਵਿੱਚ 1101.99 ਕਰੋੜ ਰੁਪਏ ਦਾ ਸਿਵਲ ਵਰਕ ਸ਼ਾਮਲ ਹੈ।
by jagjeetkaur