ਦਿੱਲੀ (ਦੇਵ ਇੰਦਰਜੀਤ) : ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਰਹੀ ਅਤੇ ਇੱਥੇ ਹਵਾ ਗੁਣਵੱਤਾ ਸੂਚਕਾਂਕ 342 ਦਰਜ ਕੀਤਾ ਗਿਆ। ਗਾਜ਼ੀਆਬਾਦ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਅਤੇ ਨੋਇਡਾ ’ਚ ਏ.ਕਿਊ.ਆਈ. ਸਵੇਰੇ 9.05 ਵਜੇ 328, 340, 326 ਅਤੇ 328 ਦਰਜ ਕੀਤਾ ਗਿਆ।
ਦਿੱਲੀ ਦੀ ਹਵਾ ਗੁਣਵੱਤਾ ’ਚ ਐਤਵਾਰ ਨੂੰ ਥੋੜ੍ਹਾ ਸੁਧਾਰ ਦਿੱਸਿਆ ਸੀ, ਹਾਲਾਂਕਿ ਇਹ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਬਣੀ ਹੋਈ ਸੀ। ਰਾਸ਼ਟਰੀ ਰਾਜਧਾਨੀ ’ਚ ਐਤਵਾਰ ਨੂੰ 24 ਘੰਟੇ ਦਾ ਔਸਤ ਏ.ਕਿਊ.ਆਈ. 330 ਦਰਜ ਕੀਤਾ ਗਿਆ ਸੀ, ਜੋ ਸ਼ਨੀਵਾਰ ਨੂੰ 473 ਸੀ। ਇਹ ਸੁਧਾਰ ਹਰਿਆਣਾ ਅਤੇ ਪੰਜਾਬ ’ਚ ਖੇਤਾਂ ’ਚ ਪਰਾਲੀ ਸਾੜੇ ਜਾਣ ਦੇ ਮਾਮਲੇ ਕਾਫ਼ੀ ਘੱਟ ਹੋਣ ’ਤੇ ਦੇਖਿਆ ਗਿਆ ਸੀ।
ਜ਼ੀਰੋ ਤੋਂ 50 ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਦਰਮਿਆਨ ‘ਸੰਤੋਸ਼ਜਨਕ’, 101 ਤੋਂ 200 ਦਰਮਿਆਨ ‘ਮੱਧਮ’, 201 ਤੋਂ 300 ਦਰਮਿਆਨ ‘ਖ਼ਰਾਬ’, 301 ਤੋਂ 400 ਨੂੰ ‘ਬਹੁਤ ਖ਼ਰਾਬ’ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ।
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਵਿਭਾਗ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਵਲੋਂ ਐਲਾਨ ਐਮਰਜੈਂਸੀ ਕਦਮਾਂ ਦੇ ਪ੍ਰਭਾਵੀ ਅਮਲ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੋਮਵਾਰ ਸਵੇਰੇ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਜ਼ਿਆਦਾ ਰਿਹਾ। ਸਵੇਰੇ 8.30 ਵਜੇ ਹਵਾ ’ਚ ਨਮੀ ਦਾ ਪੱਧਰ 90 ਫੀਸਦੀ ਦਰਜ ਕੀਤਾ ਗਿਆ।