ਫਤਿਹਗੜ੍ਹ ਸਾਹਿਬ (ਸਰਬ) : ਵੱਖਵਾਦੀ ਪ੍ਰਚਾਰ ਅਤੇ ਫੰਡਿੰਗ ਦੇ ਇਕ ਮਾਮਲੇ 'ਚ ਵੀਰਵਾਰ ਸਵੇਰੇ ਐੱਨ.ਆਈ.ਏ. ਨੇ ਪੰਜਾਬ 'ਚ ਛਾਪੇਮਾਰੀ ਕੀਤੀ। NIA ਦੀ ਕਾਰਵਾਈ ਦੇ ਤਾਰ ਲਾਰੇਂਸ ਬਿਸ਼ਨੋਈ ਦੀ ਜੇਲ੍ਹ ਤੋਂ ਵਾਇਰਲ ਹੋਏ ਇੰਟਰਵਿਊ ਨਾਲ ਵੀ ਜੁੜੇ ਹੋਏ ਹਨ। ਸ੍ਰੀ ਫਤਹਿਗੜ੍ਹ ਸਾਹਿਬ 'ਚ 4 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਵੀਰਵਾਰ ਸਵੇਰੇ ਕਰੀਬ 3 ਵਜੇ ਤੋਂ 9 ਵਜੇ ਤੱਕ ਸ੍ਰੀ ਫਤਹਿਗੜ੍ਹ ਸਾਹਿਬ 'ਚ NIA ਦੀ ਕਾਰਵਾਈ ਜਾਰੀ ਰਹੀ। ਜਿਸ ਦੀ ਖ਼ਬਰ ਕਿਸੇ ਦੇ ਕੰਨਾਂ ਤੱਕ ਨਹੀਂ ਸੀ ਜਾਣ ਦਿੱਤੀ ਗਈ। ਐਨਆਈਏ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਐਨਆਈਏ ਸਰਹਿੰਦ ਸ਼ਹਿਰ ਦੇ ਰਹਿਣ ਵਾਲੇ ਮੋਹਿਤ ਨਾਮਕ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਦੀਆਂ ਛਾਪੇਮਾਰੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹਨ। ਐਨਆਈਏ ਦੀ ਟੀਮ ਵੀਰਵਾਰ ਤੜਕੇ 3 ਵਜੇ ਸਭ ਤੋਂ ਪਹਿਲਾਂ ਪੰਜ ਗੱਡੀਆਂ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਵਜ਼ੀਰਨਗਰ ਪਹੁੰਚੀ। ਜਿੱਥੇ ਸੁਰਜੀਤ ਗਿਰੀ ਮਹੰਤ ਤੋਂ ਪੁੱਛਗਿੱਛ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਮਹੰਤ ਤੋਂ ਵੱਖਵਾਦੀ ਪ੍ਰਚਾਰ ਦੀ ਫੰਡਿੰਗ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਐਨ.ਆਈ.ਏ. ਦੀ ਇਕ ਟੀਮ ਉਥੇ ਰਹੀ ਜਦਕਿ ਚਾਰ ਗੱਡੀਆਂ ਸਰਹਿੰਦ ਲਈ ਰਵਾਨਾ ਹੋ ਗਈਆਂ। NIA ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਸਰਹਿੰਦ 'ਚ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ। ਜਿਸ ਵਿੱਚ ਸਰਹਿੰਦ ਸ਼ਹਿਰ ਵਿੱਚ 2, ਜਦੋਂ ਕਿ ਫਤਹਿਗੜ੍ਹ ਸਾਹਿਬ ਵਿੱਚ ਇਕ ਥਾਂ ਤੇ ਛਾਪਪੇਮਾਰੀ ਕੀਤੀ।