ਨਫ਼ਰਤ ਭਰੇ ਭਾਸ਼ਣਾਂ ਕਾਰਨ ਹਵਾਈ ਅੱਡੇ ’ਤੇ ਵਾਪਰੀ ਘਟਨਾ ਲਈ ਕੰਗਣਾ ਰਣੌਤ ਨੂੰ ਜਵਾਬਦੇਹ ਠਹਿਰਾਇਆ ਜਾਵੇ: ਅਕਾਲੀ ਦਲ ਕੋਰ ਕਮੇਟੀ

by jagjeetkaur

ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪੜਚੋਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਵਿਸਥਾਰਿਤ ‘ਤੇ ਗੰਭੀਰ ਚਰਚਾ ਕੀਤੀ।

ਪਾਰਟੀ ਦੇ ਮੁੱਖ ਦਫਤਰ ਵਿਖੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਵਿੱਖ ਦੇ ਏਜੰਡੇ ਤੇ ਰਣਨੀਤੀ ਨੂੰ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਇਕੱਲੇ-ਇਕੱਲੇ ਅਤੇ ਸਮੂਹਿਕ ਤੌਰ ’ਤੇ ਫੀਡਬੈਕ ਲੈਣਗੇ।

ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਛੇ ਮਹੀਨੇ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਚੜ੍ਹਦੀਕਲਾ ਵਿਚ ਰਹਿੰਦਿਆਂ ਨਿਰਸਵਾਰਥ ਤੇ ਦ੍ਰਿੜ੍ਹ ਲੀਡਰਸ਼ਿਪ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਗਈ। ਕੋਰ ਕਮੇਟੀ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਜਿਸ ਤਰੀਕੇ ਅਕਾਲੀ ਦਲ ਦੇ ਪ੍ਰਧਾਨ ਨੇ ਦਲੇਰਾਨਾ ਰੂਪ ਵਿਚ ਨਿਰਸਵਾਰਥ ਹੋ ਕੇ ਫੈਸਲੇ ਪਾਰਟੀ ਦੇ ਹਿੱਤ ਵਿਚ ਲਏ ਤੇ ਨਿੱਜੀ ਕੁਰਬਾਨੀਆਂ ਦਿੱਤੀਆਂ, ਇਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤੇ ਇਹ ਪਾਰਟੀ ਵਾਸਤੇ ਮਾਣ ਵਾਲੀ ਗੱਲ ਹੈ।

ਪਾਰਟੀ ਨੇ ਉਹਨਾਂ ਦੀ ਲੀਡਰਸ਼ਿਵ ਵਿਚ ਪੂਰਨ ਵਿਸ਼ਵਾਸ ਪ੍ਰਗਟਾਇਆ ਅਤੇ ਉਹਨਾਂ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲਿਆਂ ਹੀ ਡਟੇ ਰਹਿਣ ਦੀ ਪੁਰਜ਼ੋਰ ਸ਼ਲਾਘਾ ਕੀਤੀ। ਮੀਟਿੰਗ ਨੇ ਸੂਬੇ ਵਿਚ ਆਉਂਦੀਆਂ ਚੋਣਾਂ ਵਾਸਤੇ ਰਣਨੀਤੀ ’ਤੇ ਵੀ ਚਰਚਾ ਕੀਤੀ। ਇਸ ਮਾਮਲੇ ਵਿਚ ਅੰਤਿਮ ਫੈਸਲਾ ਆਉਂਦੇ ਦਿਨਾਂ ਵਿਚ ਲਿਆ ਜਾਵੇਗਾ।