ਟੈਨਿਸ ਸਟਾਰ ਜੋਕੋਵਿਚ ਨੇ ਆਪਣੀ ਝੋਲੀ ਪਾਇਆ ਪਹਿਲਾ ਓਲੰਪਿਕ ਗੋਲ੍ਡ !

by vikramsehajpal

ਪੈਰਿਸ (ਸਾਹਿਬ) - ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਅੱਜ ਇੱਥੇ ਪੁਰਸ਼ ਟੈਨਿਸ ਸਿੰਗਲਜ਼ ਦੇ ਫਾਈਨਲ ਵਿੱਚ ਕਾਰਲਸ ਅਲਕਰਾਜ਼ ਨੂੰ ਸਿੱਧੇ ਸੈੱਟ ਵਿੱਚ ਹਰਾ ਕੇ ਆਪਣਾ ਪਹਿਲਾ ਓਲੰਪਿਕ ਸੋਨ ਤਗ਼ਮਾ ਜਿੱਤਿਆ। ਸਰਬੀਆ ਦੇ 37 ਸਾਲਾ ਜੋਕੋਵਿਚ ਨੇ ਸਪੇਨ ਦੇ ਅਲਕਰਾਜ ਖ਼ਿਲਾਫ਼ 7-6, 7-6 ਨਾਲ ਜਿੱਤ ਦਰਜ ਕੀਤੀ ਅਤੇ ਆਪਣੇ 24 ਗਰੈਂਡਸਲੈਮ ਖਿਤਾਬ ਵਿੱਚ ਇੱਕ ਹੋਰ ਉਪਲਬਧੀ ਜੋੜ ਲਈ।

ਦੱਸ ਦਈਏ ਕਿ ਇਸ ਤੋਂ ਇਲਾਵਾ ਜੋਕੋਵਿਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਸਭ ਤੋਂ ਵੱਧ ਹਫ਼ਤਿਆਂ ਤੱਕ ਨੰਬਰ ਇੱਕ ਰੈਂਕਿੰਗ ’ਤੇ ਕਾਬਜ਼ ਰਹਿਣ ਵਾਲਾ ਖਿਡਾਰੀ ਹੈ। ਜੋਕੋਵਿਚ ਨੇ ਇਸ ਤੋਂ ਪਹਿਲਾਂ 2008 ਪੇਈਚਿੰਗ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਮੌਜੂਦਾ ਖੇਡਾਂ ਦੇ ਸੈਮੀ ਫਾਈਨਲ ਵਿੱਚ ਇਟਲੀ ਦੇ ਕਾਂਸੇ ਦਾ ਤਗ਼ਮਾ ਜੇਤੂ ਲੌਰੇਂਜ਼ੋ ਮੁਸੈਟੀ ਖ਼ਿਲਾਫ਼ ਜਿੱਤ ਤੋਂ ਪਹਿਲਾਂ ਜੋਕੋਵਿਚ ਨੇ ਆਪਣੇ ਤਿੰਨੇ ਓਲੰਪਿਕ ਸੈਮੀ ਫਾਈਨਲ ਗੁਆ ਦਿੱਤੇ ਸੀ।

ਜੋਕੋਵਿਚ 2008 ਵਿੱਚ ਪੇਈਚਿੰਗ ਵਿੱਚ ਰਾਫੇਲ ਨਡਾਲ, 2012 ਲੰਡਨ ਵਿੱਚ ਐਂਡੀ ਮਰ੍ਹੇ ਅਤੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਤੋਂ ਹਾਰ ਗਿਆ ਸੀ। ਇਨ੍ਹਾਂ ਸਾਰਿਆਂ ਨੇ ਬਾਅਦ ਵਿੱਚ ਸੋਨ ਤਗ਼ਮੇ ਜਿੱਤੇ ਸੀ। ਜੋਕੋਵਿਚ 1908 ਮਗਰੋਂ ਟੈਨਿਸ ਵਿੱਚ ਸਿੰਗਲਜ਼ ਸੋਨ ਤਗ਼ਮਾ ਜਿੱਤਣ ਵਾਲਾ ਸਭ ਤੋਂ ਵੱਡੀ ਉਮਰ ਦਾ ਵਿਅਕਤੀ ਹੈ ਅਤੇ ਉਸ ਨੇ ਸਪੇਨ ਦੇ 21 ਸਾਲਾ ਅਲਕਰਾਜ਼ ਨੂੰ ਸਭ ਤੋਂ ਛੋਟੀ ਉਮਰ ਦਾ ਸੋਨ ਤਗ਼ਮਾ ਜੇਤੂ ਬਣਨ ਤੋਂ ਰੋਕ ਦਿੱਤਾ।