ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਅੱਜ ਇਕ ਵਾਰ ਫਿਰ ਤੋਂ ਆਪਣੀ ਸਰਕਾਰ ਨੂੰ ਇਕ ਹੋਰ ਮੰਗ ਪੂਰੀ ਕਰਨ ਦੀ ਗੱਲ ਕਹਿ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ‘‘‘ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ।
ਪੰਜਾਬ ’ਤੇ ਸੂਬੇ ਦੀ ਜੀ.ਡੀ.ਪੀ ਦਾ 50 ਫੀਸਦੀ ਕਰਜ਼ ਹੈ। ਅੱਧੇ ਤੋਂ ਵੱਧ ਖ਼ਰਚ ਮਹਿੰਗੇ ਕਰਜ਼ੇ ਨਾਲ ਚੱਲ ਰਿਹਾ ਹੈ। ਪੰਜਾਬ ਨੂੰ ਉਨ੍ਹਾਂ ਅਸਲ ਮਸਲਿਆਂ ਤੋਂ ਨਾ ਭਟਕਣ ਦਿੱਤਾ ਜਾਵੇ, ਜਿਨ੍ਹਾਂ ਦਾ ਹਰ ਪੰਜਾਬੀ ਅਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਾ ਚਾਹੀਦਾ ਹੈ।
ਇਹ ਠੀਕ ਨਹੀਂ ਕਿ ਕਰਜ਼ਾ ਲੈ ਕੇ ਕਰਜ਼ੇ ਨੂੰ ਮੋੜ ਦਿਓ। ਪੰਜਾਬ ਦੇ ਅਸਲ ਮੁੱਦਿਆਂ ਨੂੰ ਪਟੜੀ ਤੋਂ ਨਾ ਉੱਤਰਨ ਦਿੱਤਾ ਜਾਵੇ, ਜਿਨ੍ਹਾਂ ਦਾ ਪਾਰਟੀ ਵਰਕਰ ਅਤੇ ਹਰ ਪੰਜਾਬੀ ਹੱਲ ਕਰਨਾ ਚਾਹੁੰਦਾ ਹੈ। ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ। ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਟੈਕਸ ਕਰਜ਼ਿਆਂ ਦੇ ਨਿਪਟਾਰੇ ਲਈ ਨਹੀਂ ਜਾਣਾ ਚਾਹੀਦਾ ਸਗੋਂ ਵਿਕਾਸ ਦੇ ਰੂਪ ਵਿਚ ਲੋਕਾਂ ਕੋਲ ਜਾਣਾ ਚਾਹੀਦਾ ਹੈ।
ਸਿੱਧੂ ਨੇ ਚੰਨੀ ਸਰਕਾਰ ਅੱਗੇ ਨਵੀਂ ਮੰਗ ਰੱਖਦੇ ਹੋਏ ਕਿਹਾ ਕਿ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ। ਸਰਕਾਰੀ ਖਜ਼ਾਨੇ ਦੀ ਜੋ ਵੀ ਸਥਿਤੀ ਹੈ, ਉਸ ਨੂੰ ਹਰ ਮਹੀਨੇ ਜਨਤਕ ਕਰੋ। ਸਿੱਧੂ ਨੇ ਕਿਹਾ ਕਿ ਟੈਕਸ ਦੀ ਕਮਾਈ ਲੋਕਾਂ ਨੂੰ ਵਿਕਾਸ ਦੇ ਰੂਪ ’ਚ ਵਾਪਸ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰੋਡਮੈਪ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰੋਤਾਂ ਦੀ ਚੋਰੀ ਰੁਕ ਸਕੇ ਅਤੇ ਖਜ਼ਾਨੇ ਨੂੰ ਭਰਿਆ ਜਾ ਸਕੇ ਅਤੇ ਆਮਦਨ ਵਧਾ ਕੇ ਲੋਕ ਭਲਾਈ ਕਾਰਜ ਕੀਤੇ ਜਾ ਸਕਣ।
ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ। ਉਹ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਵਾਰ ਆਪਣੀ ਹੀ ਸਰਕਾਰ ’ਕੇ ਤੰਜ ਕੱਸ ਦਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਨੂੰ ਕਈ ਵਾਰ ਨਵਜੋਤ ਸਿੱਧੂ ਦੇ ਫ਼ੈਸਲਿਆਂ ਅੱਗੇ ਝੁਕਣਾ ਵੀ ਪਿਆ ਹੈ।