ਗੁਰਦਸਪੂਰ ਰੈਲੀ ‘ਚ ਬੋਲੇ PM ਮੋਦੀ- ‘ਕਾਂਗਰਸ ਨੇ ਦੇਸ਼ ਨੂੰ ਹਮੇਸ਼ਾ ਜ਼ਖ਼ਮ ਦਿੱਤੇ, CM ਮਾਨ ਦਿੱਲੀ ਤੋਂ ਹੁਕਮ ਲੈਕੇ ਕਰਦੇ ਹਨ ਫੈਸਲੇ
ਗੁਰਦਸਪੂਰ (ਰਾਘਵ): ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੇ ਸ਼ੁਕਰਵਾਰ ਗੁਰਦਾਸਪੁਰ ਵਿੱਚ ਭਾਜਪਾ ਦੀ ਫ਼ਤਿਹ ਚੋਣ ਰੈਲੀ ਦੌਰਾਨ ਕਾਂਗਰਸ ਤੇ 'ਆਪ' ਦੇ ਨਾਲ ਨਾਲ ਸਮੁੱਚੇ INDIA ਗੱਠਜੋੜ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਹਮੇਸ਼ਾ ਜ਼ਖ਼ਮ ਦਿੱਤੇ ਹਨ। ਸਭ ਤੋਂ ਵੱਡਾ ਜ਼ਖ਼ਮ ਦੇਸ਼ ਦੀ ਵੰਡ ਦਾ ਹੈ। ਦਿੱਲੀ ’ਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਬਾਅਦ ਦਿੱਲੀ ਕਤਲੇਆਮ ਦੀਆਂ ਫਾਈਲਾਂ ਖੋਲ੍ਹੀਆਂ ਗਈਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲੀ। ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸ਼ਹਿਜ਼ਾਦੇ ਦੀ ਗੱਲ ਨਾ ਮੰਨੀ ਤਾਂ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇੱਥੋਂ ਦੀ ਸਰਕਾਰ ਰਿਮੋਟ ਨਾਲ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਆਪ ਕੋਈ ਵੀ ਫ਼ੈਸਲਾ ਨਹੀਂ ਲੈ ਸਕਦੇ। ਇਸ ਲਈ ਹੁਕਮ ਲੈਣ ਵਾਸਤੇ ਉਹ ਤਿਹਾੜ ਜੇਲ੍ਹ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਅੰਦੋਲਨ ’ਚ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਅਤੇ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਦੀਨਾਨਗਰ ਬਾਈਪਾਸ ’ਤੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਹਿੱਤ ਦੀ ਗੱਲ ਚੱਲਦੀ ਹੈ ਤਾਂ ਕਾਂਗਰਸ ਸਭ ਤੋਂ ਪਿੱਛੇ ਨਜ਼ਰ ਆਉਂਦੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਪਾਕਿਸਤਾਨ ਕੋਲ ਐਟਮ ਬੰਬ ਹੈ। ਕਾਂਗਰਸ ਪਾਕਿਸਤਾਨ ਦੇ ਨਾਮ ਤੋਂ ਕੰਬਦੀ ਹੈ ਅਤੇ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ।
ਮੋਦੀ ਨੇ ਕਿਹਾ ਕਿ ‘INDIA’ ਗੱਠਜੋੜ ਦੇ ਆਗੂ ਕਹਿੰਦੇ ਹਨ ਕਿ ਪਾਕਿਸਤਾਨ ਤੋਂ ਡਰ ਕੇ ਰਹਿਣਾ ਹੋਵੇਗਾ ਪਰ ਹੁਣ ਇਹ ਨਵਾਂ ਭਾਰਤ ਹੈ ਜੋ ਕਿ ਘਰ ਵਿੱਚ ਵੜ ਕੇ ਮਾਰਦਾ ਹੈ। ‘ਇੰਡੀਆ’ ਗੱਠਜੋੜ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਫਿਰ ਤੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਲਾਗੂ ਕਰਨਾ ਚਾਹੁੰਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਗੁਰਦਾਸਪੁਰ ਅਤੇ ਭਾਜਪਾ ਦਾ ਰਿਸ਼ਤਾ ਖ਼ਾਸ ਹੈ। ਪੰਜਾਬ ਵਿੱਚ ਪੁਰਾਣੇ ਸਾਥੀਆਂ ਦੇ ਨਾਲ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ।