ਕੇਂਦਰ ਸਰਕਾਰ ਵੀਰਵਾਰ ਨੂੰ ਸ਼ਾਮ ਇਕ ਵਾਰ ਫਿਰ ਕਿਸਾਨਾਂ ਨਾਲ ਗੱਲਬਾਤ ਕਰੇਗੀ। ਸ਼ੰਭੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਲਈ ਚੰਡੀਗੜ੍ਹ ਦੇ ਸੈਕਟਰ 26 ਪੁੱਜੇ ਹਨ। ਜਿਸ ਵਿੱਚ ਜਗਜੀਤ ਡੱਲੇਵਾਲ ਅਤੇ ਸਰਵਨ ਪੰਧੇਰ ਸਮੇਤ 11 ਕਿਸਾਨ ਆਗੂ ਸ਼ਾਮਲ ਹਨ। ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਤੋਂ ਇਲਾਵਾ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਵੀ ਸ਼ਾਮਲ ਹੋਣਗੇ। ਇਸ ਮੀਟਿੰਗ ਦਾ ਨਤੀਜਾ ਸਮੁੱਚੇ ਅੰਦੋਲਨ ਦੀ ਰੂਪ-ਰੇਖਾ ਤੈਅ ਕਰੇਗਾ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਰੋਹ ਵਜੋਂ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ, ਜਦਕਿ ਕੁਝ ਥਾਵਾਂ ‘ਤੇ ਟੋਲ ਵੀ ਫਰੀ ਕੀਤਾ ਗਿਆ। ਰੇਲ ਰੋਕੋ ਅੰਦੋਲਨ ਕਾਰਨ ਆਮਰਪਾਲੀ ਐਕਸਪ੍ਰੈਸ, ਅੰਮ੍ਰਿਤਸਰ ਤੋਂ ਕਟਿਹਾਰ ਐਕਸਪ੍ਰੈਸ, ਦਾਦਰ ਐਕਸਪ੍ਰੈਸ, ਮੁੰਬਈ ਅੰਮ੍ਰਿਤਸਰ ਐਕਸਪ੍ਰੈਸ, ਅੰਮ੍ਰਿਤਸਰ ਦਿੱਲੀ 12498 ਸ਼ਾਨ-ਏ-ਪੰਜਾਬ ਪ੍ਰਭਾਵਿਤ ਹੋਈਆਂ।