ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦਾ ਇਕ ਵਫ਼ਦ 17 ਨਵੰਬਰ ਨੂੰ ਸਵੇਰੇ ਕਰੀਬ 11 ਵਜੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰੇਗਾ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਭਵਨ ਵਿਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਗੱਲਬਾਤ ਦੌਰਾਨ ਕਈ ਮੰਗਾਂ ਰੱਖੀਆਂ ਜਾਣਗੀਆਂ।
ਮੁੱਖ ਮੰਗਾਂ ਵਿਚ ਡੀ.ਏ.ਪੀ. ਦੀ ਲੋੜੀਂਦਾ ਸਟਾਕ ਅਤੇ ਸਮੇਂ ’ਤੇ ਸਪਲਾਈ, ਝੋਨੇ ਦੀ ਖਰੀਦ ਜਾਰੀ ਰੱਖਣ, ਗੁਲਾਬੀ ਸੁੰਡੀ ਨਾਲ ਨਸ਼ਟ ਹੋਈ ਕਪਾਹ ਅਤੇ ਮੱਕੀ ਦੀ ਫਸਲ ਦਾ ਮੁਆਵਜ਼ਾ, ਕਿਸਾਨਾਂ ਦਾ ਕਰਜ਼ਾ, ਫਿਰੋਜ਼ਪੁਰ ਦੀ ਘਟਨਾ ਵਿਚ ਸ਼ਾਮਲ ਅਕਾਲੀ ਨੇਤਾਵਾਂ ਦੀ ਗ੍ਰਿਫ਼ਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਿਸਾਂ ਨੂੰ ਜਲਦੀ ਮੁਆਵਜ਼ਾ ਅਤੇ ਰੋਜ਼ਗਾਰ ਦੀ ਵਿਵਸਥਾ, ਸਬਜ਼ੀ ਉਤਪਾਦਕਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਕਰਨ ਤੋਂ ਇਲਾਵਾ ਖੇਤੀ ਦੇ ਹੋਰ ਮੁੱਦਿਆਂ ਨੂੰ ਵੀ ਚੁੱਕਿਆ ਜਾਵੇਗਾ।