ਧਰਮਸ਼ਾਲਾ ਵਿੱਚ ਭਾਰਤੀ ਸਪਿਨਰਾਂ ਨੇ ਇੰਗਲੈਂਡ ਟੀਮ ਦੀ ਬੱਲੇਬਾਜੀ ਦੀਆਂ ਧੱਜੀਆਂ ਉਡਾ ਦਿੱਤੀਆਂ। ਇੰਗਲੈਂਡ ਦੀ ਟੀਮ ਮਹਿਜ਼ 57.4 ਓਵਰਾਂ ਵਿੱਚ 218 ਦੌੜਾਂ ‘ਤੇ ਆਲਆਊਟ ਹੋ ਗਈ। ਮੈਚ ਵਿੱਚ ਕੁਲਦੀਪ ਯਾਦਵ ਨੇ 5 ਵਿਕਟਾਂ ਹਾਸਿਲ ਕੀਤੀਆਂ। ਉੱਥੇ ਹੀ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਵੀ ਚਾਰ ਵਿਕਟਾਂ ਲਈਆਂ। ਇੱਕ ਵਿਕਟ ਰਵਿੰਦਰ ਜਡੇਜਾ ਨੂੰ ਮਿਲਿਆ। ਧਰਮਸ਼ਾਲਾ ਵਿੱਚ ਪੰਜਵੇਂ ਟੈਸਟ ਮੈਚ ਦਾ ਅੱਜ ਪਹਿਲਾ ਦਿਨ ਹੈ। ਮੁਕਾਬਲੇ ਵਿੱਚ ਟਾਸ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਸ਼ੁਰੂਆਤ ਦੇਖ ਕੇ ਲੱਗਿਆ ਕਿ ਸਟੋਕਸ ਦਾ ਇਹ ਫੈਸਲਾ ਸਹੀ ਹੈ, ਪਰ ਕੁਲਦੀਪ ਯਾਦਵ ਨੇ ਪੂਰਾ ਮੈਚ ਪਲਟ ਕੇ ਰੱਖ ਦਿੱਤਾ।
ਇਸ ਮੈਚ ਵਿੱਚ ਟਾਸ ਇੰਗਲੈਂਡ ਦੀ ਟੀਮ ਨੇ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਵੱਲੋਂ ਬੇਨ ਡਕੇਟ ਨੇ ਜੈਕ ਕ੍ਰਾਊਲੀ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਹਾਂ ਨੇ ਪਹਿਲੇ ਵਿਕਟ ਲਈ 64 ਦੌੜਾਂ ਜੋੜੀਆਂ। ਇਥੋਂ ਹੀ ਕੁਲਦੀਪ ਯਾਦਵ ਦਾ ਜਾਦੂ ਸ਼ੁਰੂ ਹੋਇਆ। ਉਨ੍ਹਾਂ ਨੇ ਪਹਿਲਾਂ ਡਕੇਟ ਨੂੰ ਆਊਟ ਕੀਤਾ ਫਿਰ ਓਲੀ ਪੌਪ ਨੂੰ ਆਪਣੀ ਫਿਰਕੀ ਦੇ ਜਾਲ ਵਿੱਚ ਫਸਾ ਕੇ ਆਊਟ ਕੀਤਾ। ਇੱਕ ਸਮਾਂ ਸੀ ਜਦੋਂ ਇੰਗਲੈਂਡ ਟੀਮ ਸਿਰਫ਼ 2 ਵਿਕਟਾਂ ਦੇ ਨੁਕਸਾਨ 137 ਦੌੜਾਂ ‘ਤੇ ਸੀ। ਜਿਸ ਤੋਂ ਬਾਅਦ ਕੁਲਦੀਪ ਨੇ ਕ੍ਰਾਊਲੀ ਨੂੰ ਆਊਟ ਕਰ ਦਿੱਤਾ। ਜਿਸ ਤੋਂ ਬਾਅਦ ਇੰਗਲੈਂਡ ਦੀਆਂ ਵਿਕਟਾਂ ਲਗਾਤਾਰ ਡਿੱਗਣੀਆਂ ਸ਼ੁਰੂ ਹੋ ਗਈਆਂ।