ਵਿਸ਼ਾਖਾਪਟਨਮ (ਰਾਘਵਾ) : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਈਐਸਆਰ ਕਾਂਗਰਸ ਪਾਰਟੀ ਦੇ ਮੁਖੀ ਵਾਈਐਸ ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੀ NDA ਸਰਕਾਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇ ਸਕਦੀ ਹੈ। ਰੈੱਡੀ ਨੇ ਇਹ ਸਵਾਲ ਵਿਸ਼ਾਖਾਪਟਨਮ ਦੇ ਗਜੂਵਾਕਾ ਵਿਖੇ ਇਕ ਜਨ ਸਭਾ ਦੌਰਾਨ ਉਠਾਇਆ।
ਜਗਨ ਮੋਹਨ ਰੈੱਡੀ ਨੇ ਕਿਹਾ, "ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਦੀ ਗਾਰੰਟੀ ਦੇਣਾ ਮਹੱਤਵਪੂਰਨ ਮੁੱਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਰੁਤਬਾ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਅਨੁਸਾਰ ਇਹ ਵਾਅਦਾ ਐਨਡੀਏ ਦੇ ਪਿਛਲੇ ਚੋਣ ਮਨੋਰਥ ਪੱਤਰ ਦਾ ਵੀ ਹਿੱਸਾ ਸੀ।
ਵਾਈਐਸਆਰ ਕਾਂਗਰਸ ਪਾਰਟੀ ਦੇ ਮੁਖੀ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ 'ਤੇ ਧਿਆਨ ਦੇਵੇਗੀ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਵੇਗੀ।" ਉਨ੍ਹਾਂ ਨੇ ਇਸ ਨੂੰ ਰਾਜ ਲਈ ਜਾਇਜ਼ ਅਤੇ ਜ਼ਰੂਰੀ ਦੱਸਿਆ।
ਇਸ ਦੌਰਾਨ ਜਗਨ ਮੋਹਨ ਰੈਡੀ ਨੇ ਜਨ ਸਭਾ 'ਚ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਸੂਬਾ ਸਰਕਾਰ ਦਾ ਸਾਥ ਦੇਣ ਅਤੇ ਇਸ ਨੂੰ ਅਹਿਮ ਚੋਣ ਮੁੱਦਾ ਬਣਾਉਣ 'ਚ ਮਦਦ ਕਰਨ | ਉਨ੍ਹਾਂ ਕਿਹਾ, "ਤੁਹਾਡਾ ਸਮਰਥਨ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਸੂਬੇ ਦੇ ਵਿਕਾਸ ਨੂੰ ਗੰਭੀਰਤਾ ਨਾਲ ਲੈਂਦੇ ਹੋ ਅਤੇ ਇਸ ਨੂੰ ਬਣਦਾ ਮਹੱਤਵ ਦਿੰਦੇ ਹੋ।"